ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/38

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਗ ਰਿਹਾ ਸੂਰਜ ਦਾ ਗੋਲਾ ਧੁੰਦ ਵੀ ਡਾਢੀ ਘਣੀ ਹੈ।
ਦਿਸ ਰਹੇ ਨਾ, ਰਾਹ ਗੁਆਚੇ, ਦਰਦ ਬਾਰਿਸ਼, ਕਿਣਮਿਣੀ ਹੈ।

ਮਾਰੂਥਲ ਦੀ ਕਿਸਮਤੇ ਹੈ, ਤਪਣ ਲਿਖਿਆ, ਖਪਣ ਲਿਖਿਆ,
ਤੜਫ਼ਦੀ ਹੈ ਰੇਤ ਕੱਕੀ, ਇੱਕ ਨਾ ਡਿੱਗੀ ਕਣੀ ਹੈ।

ਰਾਤ ਦਿਨ ਬਿਜਲੀ ਲੰਘਾਵੇ, ਤਨ ਤੇ ਮਨ ਅੰਦਰ ਹੰਢਾਵੇ,
ਤਾਰ ਦੀ ਹਿੰਮਤ ਤੋਂ ਸਦਕੇ, ਕਿਸ ਤਰ੍ਹਾਂ ਵੇਖੋ ਤਣੀ ਹੈ।

ਪਾੜਦਾ ਪੱਥਰ ਦਾ ਸੀਨਾ, ਸ਼ੀਸ਼ਿਆਂ ਨੂੰ ਚੀਰ ਦੇਵੇਂ,
ਹੀਰਿਆ! ਸ਼ਾਬਾਸ਼ ਤੇਰੇ, ਸਾਂਭ ਕੇ ਰੱਖੀ ਅਣੀ ਹੈ।

ਵੇਲ-ਬੂਟੀ ਚਾਨਣੀ ਦੀ, ਕੀ ਕਰਾਂ ਇਹ ਬਿਨ ਤਿਰੇ ਮੈਂ,
ਵੇਖ ਚਾਨਣ ਝਾਤ ਕਹਿੰਦਾ, ਰੌਸ਼ਨੀ ਬਿਰਖ਼ੋਂ ਛਣੀ ਹੈ।

ਯਾਦ ਅੰਦਰ ਨੈਣ ਬਰਸਣ, ਮੋਰ ਮਨ ਦਾ ਹੰਝ ਕੇਰੇ,
ਸਮਝਿਆ ਕਰ, ਮਹਿਰਮਾ ਤੂੰ, ਜਾਨ ਤੇ ਮੁਸ਼ਕਿਲ ਬਣੀ ਹੈ।

38