ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਰਦ ਸਿਆਲ ਤਰੇਲ 'ਚ ਭਿੱਜੀਆਂ ਲਿਫ਼ ਲਿਫ਼ ਜਾਣ ਗੁਲਾਬੀ ਪੱਤੀਆਂ।
ਹੋਰ ਘੜੀ ਤੱਕ ਸੂਰਜ ਚੜ੍ਹਿਆਂ ਟਹਿਣੀਆਂ ਇਹ ਮਾਣ 'ਚ ਮੱਤੀਆਂ।

ਧਰਤ ਵਿਸ਼ਾਲ ਬਗੀਚਾ ਇਸ ਵਿੱਚ, ਵੰਨ ਸੁਵੰਨੇ ਫੁੱਲ ਤੇ ਕੰਡੇ,
ਬਿਨ ਥੰਮਾਂ ਤੋਂ ਗਗਨ ਖਲੋਤਾ, ਡਰਦੇ ਲੋਕਾਂ ਕੰਧਾਂ ਛੱਤੀਆਂ।

ਚਾਰ ਚੁਫ਼ੇਰ ਹਨ੍ਹੇਰਾ ਤੇਰੇ, ਠੇਡੇ ਖਾ ਖਾ ਮਰ ਚੱਲਿਆ ਏਂ,
ਵਿੱਚ ਦਵਾਖੀਂ ਦੀਵੇ ਧਰ ਦੇ, ਤੂੰ ਵੀ ਯਾਰ ਜੁਗਾ ਦੇ ਬੱਤੀਆਂ।

ਸਫ਼ਰ ਅਜੇ ਵੀ ਲੰਮ ਸਲੰਮਾ, ਕੋਹ ਨਾ ਤੁਰੀ ਤਿਹਾਈ ਬਾਬਾ,
ਜਿੰਦੜੀਏ ਕਿਓਂ ਬਹਿ ਚੱਲੀ ਏਂ, ਹਾਲੇ ਨਾ ਪੰਜ ਪੂਣੀਆਂ ਕੱਤੀਆਂ।

ਧਰਤ ਪਰੇਤੀ ਸਾਇਆਂ ਮੱਲੀ, ਜਰ ਜਰਵਾਣੇ ਤਾਂਡਵ ਕਰਦੇ,
ਸਰਮਾਏ ਦੇ ਜੰਗਲ ਫ਼ੈਲੇ, ਵਗਣ ਤਦੇ ਹੀ ਪੌਣਾਂ ਤੱਤੀਆਂ।

ਸਮੇਂ ਸਮੇਂ ਦੀ ਬਾਤ ਪਿਆਰੇ, ਰੁਲਣ ਬਾਦਸ਼ਾਹ, ਬੇਗਮ, ਯੱਕੇ,
ਫਿਰਨ ਸਿਕੰਦਰ ਵਾਂਗੂੰ ਜੇਤੂ, ਦੁੱਕੀਆਂ ਨਿੱਕੀਆਂ, ਪੰਜੀਆਂ ਸੱਤੀਆਂ।

ਕੰਡਿਆਂ ਨੇ ਜ਼ਖ਼ਮਾਏ ਸੁਪਨੇ, ਫੁੱਲਾਂ ਨਾਲ ਕਲੋਲ ਕਰਦਿਆਂ,
ਜ਼ਖ਼ਮੀ ਰੀਝਾਂ ਦੇ ਪੰਖੇਰੂ, ਅੱਡੀਆਂ ਤਲੀਆਂ ਸੂਹੀਆਂ ਰੱਤੀਆਂ।

39