ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੱਕ ਸੱਚ ਤੇ ਇਨਸਾਫ਼ ਦੀ ਖ਼ਾਤਰ ਜਿਸ ਵੇਲੇ ਇਨਸਾਨ ਬੋਲਦਾ।
ਅੰਨ੍ਹੀ ਰੱਯਤ ਗਿਆਨ ਵਿਹੂਣੀ, ਕਹਿੰਦੀ ਹੈ ਭਗਵਾਨ ਬੋਲਦਾ।

ਰੱਬੀ ਕਹਿਰ ਖ਼ੁਦਾਈ ਆਖਣ, ਭਾਣਾ ਕਹਿ ਕੇ ਬਹਿ ਜਾਂਦੇ ਨੇ,
ਭਰਮੀ ਜਾਲ ਵਿਛਾ ਕੇ ਏਥੇ ਜਿਸ ਵੇਲੇ ਸ਼ੈਤਾਨ ਬੋਲਦਾ।

ਦੀਨ ਦਰਦ ਦੁੱਖ ਭੰਜਨ ਵੇਲਾ, ਓਸੇ ਨੂੰ ਹੀ ਸਤਿਯੁਗ ਕਹੀਏ,
ਕਦੇ ਕਦਾਈਂ ਸਦੀਆਂ ਮਗਰੋਂ ਜਿਸ ਵੇਲੇ ਈਮਾਨ ਬੋਲਦਾ।

ਤੂੰ ਬੰਦੇ ਤੋਂ ਕੀ ਲੈਣਾ ਹੈ, ਕਿਹੜੀ ਵਸਤ ਬਾਜ਼ਾਰ ਵਿਕੇ ਨਾ,
ਗੁੰਝਲਦਾਰ ਬੁਝਾਰਤ ਸਮਝੋ, ਜੋ ਬੋਲੀ ਧਨਵਾਨ ਬੋਲਦਾ।

ਸੋਨ ਬੰਸਰੀ ਮਹਿਲਾਂ ਅੰਦਰ ਤਰਜ਼ ਕੀਮਤੀ ਵੇਚ ਰਹੀ ਹੈ,
ਬਾਂਸ ਵਿਚਾਰਾ ਹੋ ਚੱਲਿਆ ਹੈ, ਜਿਹੜਾ ਸਰਲ ਜ਼ਬਾਨ ਬੋਲਦਾ।

ਸਾਵਧਾਨ ਜੀ, ਵਤਨ ਪਿਆਰਾ 'ਨੇਰ੍ਹ ਗੁਫ਼ਾ ਵੱਲ ਤੁਰਿਆ ਜਾਵੇ,
ਬਹੁਤਾ ਚਿਰ ਇਹ ਪੁੱਗਣੀ ਨਹੀਂ ਜੇ, ਜੋ ਬੋਲੀ ਸੁਲਤਾਨ ਬੋਲਦਾ।

ਉਮਰ ਗੁਆ ਕੇ ਏਨੀ ਗੱਲ ਵੀ ਕਿਣਕਾ ਮਾਤਰ ਸਮਝ ਪਈ ਹੈ,
ਘੁੱਗੂ ਵਿੱਚ ਆਵਾਜ਼ ਬੇਗਾਨੀ ਜੋ ਕੁਝ ਵੀ ਦਰਬਾਨ ਬੋਲਦਾ।

40