ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੰਦਿਆਂ ਕੋਲੋਂ ਛਾਵਾਂ ਮੰਗਣ, ਛਾਂਗੇ ਬਿਰਖ ਵਿਚਾਰੇ ਹੋ ਗਏ।
ਮਾਪੇ ਕੱਲ-ਮੁਕੱਲ੍ਹੇ ਬੈਠੇ, ਕੋਰੇ ਅੱਖ ਦੇ ਤਾਰੇ ਹੋ ਗਏ।

ਸਿਵਿਆਂ ਅੰਦਰ ਜਾਵੇ ਇਹ ਰਾਹ, ਜ਼ਹਿਰ ਪਸਰਿਆ ਪੌਣਾਂ ਅੰਦਰ,
ਅਗਨੀ ਭੇਟ ਬਨਸਪਤਿ ਹੋਈ, ਸਾਹ ਲੈਣੇ ਵੀ ਭਾਰੇ ਹੋ ਗਏ।

ਘਰ ਤੋਂ ਤੁਰਿਆ ਮੰਜ਼ਿਲ ਵੱਲ ਨੂੰ, ਰਾਹਾਂ ਵਿੱਚ ਗਵਾਚ ਗਿਆ ਹਾਂ,
ਮੇਰੇ ਮਨ ਦੇ ਖੰਭ ਵੀ ਯਾਰੋ ਡਾਢੇ ਬੇ-ਇਤਬਾਰੇ ਹੋ ਗਏ।

ਮੋਹ ਮਮਤਾ ਦੇ ਧਾਗੇ ਛੁੱਟੇ, ਟੁੱਟੀ ਡੋਰ ਪਤੰਗੜੀਆਂ ਦੀ,
ਖ਼ੁਸ਼ਬੋਈਆਂ ਦੀ ਜੂਨੀ ਪੈ ਗਏ, ਰੱਬ ਨੂੰ ਯਾਰ ਪਿਆਰੇ ਹੋ ਗਏ।

ਫੁੱਲਾਂ ਭਰੀ ਕਿਆਰੀ ਛੱਡ ਕੇ, ਅੰਬਰ ਦੇ ਵਿੱਚ ਬਣ ਗਏ ਤਾਰੇ,
ਯਾਰਾਂ ਤੋਂ ਬਿਨ ਧਰਤੀ ਸੁੰਨੀ, ਅੱਥਰੂ ਮਣ ਮਣ ਭਾਰੇ ਹੋ ਗਏ।

ਨਾ ਰੋਵੋ ਨੀ ਅੱਖੀਓ ਹੁਣ ਤਾਂ, ਗ਼ਮ ਦਾ ਸਾਗਰ ਤਰਣ ਦੁਹੇਲਾ,
ਕਿੱਥੇ ਚੁੰਝ ਭਰੇ ਇਹ ਜਿੰਦੜੀ, ਸਾਰੇ ਪਾਣੀ ਖਾਰੇ ਹੋ ਗਏ।

ਸੂਰਜ ਚੰਨ ਗਵਾਚੇ ਤਾਰੇ,ਕੱਠੇ ਕੀਤੇ ਜੁਗਨੂੰ ਇਹ ਮੈਂ,
ਮੇਰੀ ਬੁੱਕਲ ਦੇ ਵਿੱਚ ਵੇਖੋ, ਮੁੜ ਕੇ ਕਿੰਨੇ ਸਾਰੇ ਹੋ ਗਏ।

41