ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਦੇ ਰਾਹ ਵਿੱਚ ਦੱਸੋ ਤਾਂ ਸਹੀ ਕਿਸਨੂੰ ਨਹੀਂਉਂ ਦਰਦ ਮਿਲੇ।
ਵੱਖਰੀ ਗੱਲ ਹੈ, ਵਣ ਹਰਿਆਲੇ, ਬਣ ਕੇ ਕੁਝ ਹਮਦਰਦ ਮਿਲੇ।

ਸਿਰ ਤੇ ਸੂਰਜ, ਤਪਦੀ ਧਰਤੀ, ਜਦ ਪੈਰਾਂ ਵਿੱਚ ਛਾਲੇ ਸੀ,
ਬਹੁਤੀ ਵਾਰੀ, ਕੋਲ ਖੜ੍ਹੇ ਨਾ, ਜਿੰਨੇ ਰਿਸ਼ਤੇ, ਸਰਦ ਮਿਲੇ।

ਮੈਂ ਮਿੱਠੇ ਖ਼ਰਬੂਜ਼ੇ ਵਾਂਗੂੰ ਜਿੰਨ੍ਹਾਂ ਸਨਮੁਖ ਹਾਜ਼ਰ ਸੀ,
ਚਾਕੂ, ਤੇਜ਼ ਕਟਾਰ ਕਦੇ ਕੁਝ ਬਣ ਕੇ ਮੈਨੂੰ ਕਦ ਮਿਲੇ।

ਕਾਲੇ ਮੈਂਡੇ ਰਸਤੇ ਭਾਵੇਂ, ਚਿੱਟੇ ਵਸਤਰ ਪਾ ਤੁਰਿਆ,
ਸਮਝ ਪਵੇ ਨਾ ਸਾਰੇ ਰਾਹੀਂ, ਮਗਰੇ ਉੱਡਦੀ ਗਰਦ ਮਿਲੇ।

ਚੂਸ ਗਿਆ ਰੱਤ ਚੰਦਰਾ ਮੌਸਮ, ਸੁਰਖ਼ ਗੁਲਾਬ ਦੀ ਵਾੜੀ ਦਾ,
ਜਦ ਵੇਖਾਂ ਪੰਜਾਬ ਦਾ ਚਿਹਰਾ, ਪੀਲਾ ਭੂਕ ਤੇ ਜ਼ਰਦ ਮਿਲੇ।

ਕੁਰਸੀ ਤੇ ਭਗਵਾ ਜਾਂ ਸੂਹਾ, ਨੀਲਾ ਪੀਲਾ ਜੋ ਬਹਿੰਦਾ,
ਜਿੱਤਣ ਲਈ ਸ਼ਤਰੰਜ ਦੀ ਬਾਜ਼ੀ, ਰੰਗ-ਬਰੰਗੀ ਨਰਦ ਮਿਲੇ।

ਵਕਤ ਉਡੀਕ ਰਿਹਾ ਹੈ ਚਿਰ ਤੋਂ, ਰੂਹ ਦਾ ਦਰਦ ਨਿਵਾਰਨ ਲਈ,
ਮੋਈ ਮਿੱਟੀ ਜਾਗ ਪਵੇ ਇਹ, ਫੇਰ ਅਗੰਮੜਾ ਮਰਦ ਮਿਲੇ।

46