ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/47

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਿਸ਼ਚਾ ਧਾਰ ਤੁਰੋ ਤਾਂ ਕਾਦਰ ਮੰਜ਼ਿਲ ਨੇੜੇ ਕਰ ਦੇਂਦਾ ਹੈ।
ਸ਼ਿਵਾ ਦੇਵਤਾ, ਬੇਹਿੰਮਤੇ ਨੂੰ, ਓਦਾਂ ਕਿੱਥੇ ਵਰ ਦੇਂਦਾ ਹੈ।

ਰਹਿਮਤ ਦਾ ਮੀਂਹ ਸੁੱਤਿਆਂ ਉੱਤੇ, ਨਹੀਂ ਬਰਸਦਾ ਤੱਕਿਆ ਮੈਂ,
ਹਿੰਮਤੀਆਂ ਨੂੰ ਦਾਤਾਂ ਦੇ ਦੇ ਝੋਲੀ ਨਿੱਕੀ ਕਰ ਦੇਂਦਾ ਹੈ।

ਹੱਸ ਕੇ ਤੱਕਿਆਂ ਧਰਤੀ ਸਾਰੀ ਫੁੱਲ ਕਲੀਆਂ ਖ਼ੁਸ਼ਬੋਆਂ ਬਣਦੀ,
ਅੱਖ ਵਿੱਚ ਅੱਥਰੂ ਹੋਣ ਤਾਂ ਸ਼ੀਸ਼ਾ ਚਿਹਰਾ ਧੁੰਦਲਾ ਕਰ ਦੇਂਦਾ ਹੈ।

ਤੇਰੀ ਮੇਰੀ ਸ਼ਕਤੀ ਵੇਖੀਂ, ਇੱਕ ਨੁਕਤੇ ਤੇ ਰੁਕ ਨਾ ਜਾਵੇ,
ਪੱਥਰ ਦੇ ਧੁਰ ਅੰਦਰ ਓਹੀ, ਕੀੜਿਆਂ ਨੂੰ ਵੀ ਘਰ ਦੇਂਦਾ ਹੈ।

ਚੇਤੇ ਰੱਖੀਂ, ਹਿੰਮਤ ਅੱਗੇ ਨੱਚਦੀ ਲੱਛਮੀ ਧਨ ਦੀ ਦੇਵੀ,
ਜੇ ਪਰਵਾਜ਼ ਪਰਿੰਦਾ ਚਾਹੇ, ਤਾਂ ਹਿੰਮਤ ਨੂੰ ਪਰ ਦੇਂਦਾ ਹੈ।

ਮੈਂ ਬਣਦਾਂ ਜਦ ਜੁਗਨੂੰ, ਤਾਰਾ, ਚੰਨ ਜੇ ਰਾਤ ਹਨ੍ਹੇਰੀ ਅੰਦਰ,
ਤੜਕਸਾਰ ਪਰਭਾਤ ਦੇ ਮਗਰੋਂ, ਸੂਰਜ ਮਮਟੀ ਧਰ ਦੇਂਦਾ ਹੈ।

ਗਗਨ ਥਾਲ ਵਿੱਚ ਚੰਨ ਤੇ ਸੂਰਜ ਜੇਕਰ ਦੀਵੇ ਦਿਸਦੇ ਹੋਵਣ,
ਮੇਰਾ ਬਾਬਾ ਸੁਪਨਿਆਂ ਨੂੰ ਵੀ, ਧਰਤੀ ਜਿੱਡਾ ਬਰ ਦੇਂਦਾ ਹੈ।

47