ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਾਰਿਆਂ ਦੇ ਨਾਲ ਐਵੇਂ ਜ਼ਿਦ ਨਹੀਂ ਪੁਗਾਈਦੀ।
ਅੰਬਰਾਂ ਤੇ ਏਨੀ ਉੱਚੀ ਪੀਂਘ ਨਹੀਂ ਚੜ੍ਹਾਈਦੀ।

ਦੂਰ ਦੂਰ ਬੈਠਣਾ ਤੇ ਚੁੱਪ ਰਹਿਣਾ ਠੀਕ ਨਾ,
ਲੱਸੀ ਤੇ ਲੜਾਈ ਐਵੇਂ ਬਹੁਤੀ ਨਹੀਂ ਵਧਾਈਦੀ।

ਦਿਲ ਦੀ ਆਵਾਜ਼ ਪਰਵਾਜ਼ ਆਪੇ ਕਰਦੀ,
ਹਾਉਕਿਆਂ ਦੀ ਬਾਤ ਦੂਜੇ ਕੰਨ ਨਹੀਂ ਸੁਣਾਈਦੀ।

ਖ਼ੁਸ਼ੀਆਂ ਨੂੰ ਵੰਡਣਾ ਜੇ ਸਿੱਖ ਲਵੇ ਆਦਮੀ,
ਲੰਮੀ ਨਹੀਂਉਂ ਹੁੰਦੀ ਕਦੇ ਰਾਤ ਵੀ ਜੁਦਾਈ ਦੀ।

ਫੁੱਲਾਂ ਵਿੱਚੋਂ ਰੰਗ ਤੇ ਸੁਗੰਧ ਕੋਈ ਲੈ ਗਿਆ,
ਦੱਸੋ! ਕਿਹੜੇ ਠਾਣੇ ਇਹਦੀ ਰਪਟ ਲਿਖਾਈਦੀ।

ਮੈਦੇ 'ਚ ਸੰਧੂਰ ਗੁੰਨ੍ਹ ਚਿਹਰਾ ਤੇਰਾ ਸਾਜਿਆ,
ਅੱਖੀਆਂ ਬਲੌਰੀ 'ਚ ਉਦਾਸੀ ਨਹੀਂ ਲਿਆਈਦੀ।

ਰੂਹ ਦੇ ਉੱਤੇ ਭਾਰ ਕਿਉਂ ਪਹਾੜ ਜਿੱਡਾ ਰੱਖਿਆ,
ਤਿੱਤਲੀ ਮਾਸੂਮ ਕਦੇ ਪਿੰਜਰੇ ਨਹੀਂ ਪਾਈਦੀ।

48