ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/51

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵੇਖੋ ਪਿਆਰ ਨਾਲ ਜੇ ਐਨਕ ਉਤਾਰ ਕੇ।
ਮਿਟਦੀ ਪਿਆਸ ਇਸ ਤਰ੍ਹਾਂ, ਅੱਖਾਂ ਨੂੰ ਠਾਰ ਕੇ।

ਮਿੱਟੀ ਦਾ ਤਨ ਸ਼ਿੰਗਾਰ ਲਉ, ਬਾਜ਼ਾਰ ਆਖਦਾ,
ਵੇਖੋਗੇ ਸ਼ੀਸ਼ਾ ਹੁਣ ਕਦੋਂ, ਰੂਹ ਨੂੰ ਨਿਖ਼ਾਰ ਕੇ।

ਤੱਕਿਆ ਕਰੋ ਜੀ ਨੂਰ ਵੀ, ਅੱਖੀਆਂ ਨੂੰ ਮੀਟ ਕੇ,
ਰੰਗਾਂ ਦੀ ਕਹਿਕਸ਼ਾਂ ਧਰੋ, ਸਾਹੀਂ ਦੁਲਾਰ ਕੇ।

ਦੁਨੀਆਂ ਅਜੀਬ ਪਰਖ਼ ਵਿੱਚ, ਪਾਇਆ, ਮੈਂ ਪੈ ਗਿਆ,
ਓਸੇ ਹੀ ਥਾਂ ਤੇ ਆ ਗਿਆਂ, ਫਿਰ ਤੁਰ ਕੇ, ਹਾਰ ਕੇ।

ਅੱਧੀ ਕੁ ਰਾਤ ਸੀ ਜਦੋਂ, ਮੈਂ ਉੱਠ ਕੇ ਬਹਿ ਗਿਆ,
ਖ਼ਵਰੇ ਸੀ ਕਿਸ ਨੇ ਨਾਂ ਲਿਆ, ਮੇਰਾ ਪੁਕਾਰ ਕੇ।

ਮੈਂ ਨਾਲ ਤੇਰੇ ਤੁਰ ਰਿਹਾਂ, ਖ਼ੁਸ਼ਬੂ ਤੇ ਪੌਣ ਵਾਂਗ,
ਮੈਨੂੰ ਤੂੰ ਦਰਦ ਸੌਂਪ ਦੇ, ਮਨ ਤੋਂ ਉਤਾਰ ਕੇ।

ਚੰਗਾ ਨਹੀਂ ਜੀ ਇਸ ਤਰ੍ਹਾਂ, ਕੰਡ ਕਰਕੇ ਪਰਤਣਾ,
ਚੱਲੇ ਕਿਉਂ ਹੋ ਸੋਹਣਿਉਂ, ਜੀਂਦੇ ਨੂੰ ਮਾਰ ਕੇ।

51