ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/52

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਧਰਤੀ ਮੇਰੇ ਚਾਰ ਚੁਫ਼ੇਰੇ, ਰੂਹ ਦੇ ਅੰਦਰਵਾਰ ਸਮੁੰਦਰ।
ਦਰਦਾਂ ਦੇ ਦਰਿਆ ਦਾ ਪਾਣੀ, ਕਰਦਾ ਮਾਰੋ ਮਾਰ ਸਮੁੰਦਰ।

ਅੱਖ ਦਾ ਪਾਣੀ, ਦਿਲ ਦੀ ਬਸਤੀ, ਜੀਭਾ ਦਾ ਰਸ, ਪਿਆਰ ਮੁਹੱਬਤ,
ਮੈਂ ਤਾਂ ਅੱਜ ਤੱਕ ਵੇਖੇ ਨੇ ਬਈ, ਏਹੀ ਨੇ ਕੁੱਲ ਚਾਰ ਸਮੁੰਦਰ।

ਇੱਕ ਚਵਾਨੀ ਮਿੱਟੀ ਕੇਵਲ ਬਾਰਾਂ ਆਨੇ ਖ਼ਾਰਾ ਪਾਣੀ,
ਫਿਰ ਵੀ ਤਪਦਾ ਖਪਦਾ ਰਹਿੰਦੈ, ਰੱਖਦਾ ਰੂਹ ਤੇ ਭਾਰ ਸਮੁੰਦਰ।

ਤੇਰੀ ਮੇਰੀ ਪ੍ਰੀਤ ਕਹਾਣੀ, ਤਾਂਹੀਓਂ ਹੰਝ ਦੀ ਜੂਨ ਪਈ ਹੈ,
ਜ਼ਾਤ, ਧਰਮ ਤੇ ਰੰਗ ਨਸਲ ਦੇ, ਹਨ ਸਾਡੇ ਵਿਚਕਾਰ ਸਮੁੰਦਰ।

ਅਣਮਿਣ ਸ਼ਕਤੀ ਖੰਭਾਂ ਅੰਦਰ, ਦੇਸ ਪਰਾਏ ਉੱਡੀਆਂ ਕੂੰਜਾਂ,
ਵੇਖੋ ਬੰਨ੍ਹ ਕਤਾਰਾਂ ਚੱਲੀਆਂ, ਕਰਨਗੀਆਂ ਇਹ ਪਾਰ ਸਮੁੰਦਰ।

ਨਦੀਆਂ ਨਾਲੇ ਭਰ ਭਰ ਵਗਦੇ, ਵਹਿੰਦੇ ਦਿਨ ਤੇ ਰਾਤ ਪਏ ਨੇ,
ਬੁੱਕਲ ਵਿੱਚ ਸਮੇਟੇ ਸਭ ਨੂੰ, ਕਿੱਦਾਂ ਆਖ਼ਰਕਾਰ ਸਮੁੰਦਰ।

ਏਨੀ ਦੌਲਤ ਹੁੰਦਿਆਂ ਸੁੰਦਿਆਂ, ਉੱਛਲ ਜਾਂਦੈ, ਥੋੜਦਿਲਾ ਇਹ,
ਆਲ ਦੁਆਲ ਉਜਾੜੇ ਸਭ ਨੂੰ, ਰੱਖੇ ਦਿਲ ਵਿੱਚ ਖ਼ਾਰ ਸਮੁੰਦਰ।

52