ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/55

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੌਣਾਂ ਹੱਥ ਸੁਨੇਹਾ ਘੱਲਿਆ, ਇਸ ਨੂੰ ਖ਼ੁਦ ਪਰਵਾਨ ਕਰੋ ਜੀ।
ਏਨੀ ਡੂੰਘੀ ਚੁੱਪ ਧਾਰੀ ਹੈ, ਕੁਝ ਤਾਂ ਮੇਰੀ ਜਾਨ ਕਰੋ ਜੀ।

ਦਸਤਕ ਦੇ ਦੇ ਹਾਰ ਗਿਆ ਹਾਂ, ਬੂਹਾ ਬੰਦ ਹੈ ਖੁੱਲ੍ਹਿਆ ਨਹੀਂ ਜੇ,
ਆਖ ਦਿਓ, ਤੂੰ ਵਾਪਸ ਮੁੜ ਜਾ, ਏਨਾ ਤਾਂ ਅਹਿਸਾਨ ਕਰੋ ਜੀ।

ਕਿੱਥੇ ਲਿਖਿਐ, ਕਿਰਸ ਕੰਜੂਸੀ ਏਦਾਂ ਮੇਰੇ ਨਾਲ ਕਰਨ ਲਈ,
ਨਜ਼ਰ ਮਿਹਰ ਦੀ ਪਾ ਕੇ ਝੋਲੀ, ਕੁਝ ਪਲ ਤਾਂ ਧਨਵਾਨ ਕਰੋ ਜੀ।

ਜਾਨ ਕੁੜਿੱਕੀ ਦੇ ਵਿੱਚ ਫਾਥੀ, ਨਾ ਏਧਰ ਨਾ ਓਧਰ ਹਾਂ ਮੈਂ,
ਆਖ ਅਲਵਿਦਾ ਕਹਿ ਕੇ ਮੇਰਾ ਪਰਤਣ ਜ਼ਰਾ ਆਸਾਨ ਕਰੋ ਜੀ।

ਸੁਰ ਸ਼ਹਿਜ਼ਾਦੀ ਰੂਪਵੰਤ ਦੇ ਹੋਠ ਉਡੀਕਣ ਸ਼ਬਦ ਸੁਰੀਲੇ,
ਇਹ ਪਲ ਮਹਿੰਗੇ, ਮੁੜ ਨਹੀਂ ਮਿਲਣੇ ਨਾ ਏਡਾ ਨੁਕਸਾਨ ਕਰੋ ਜੀ।

ਪੂਰਨਮਾਸ਼ੀ ਦਾ ਚੰਨ ਸੋਹਣਾ, ਰਿਸ਼ਮਾਂ ਕੱਤ ਅਟੇਰ ਰਿਹਾ ਹੈ,
ਨੀਂਦਰ ਪਿੱਛੋਂ ਮਹਿੰਗੀ ਦੌਲਤ, ਏਦਾਂ ਨਾ ਕੁਰਬਾਨ ਕਰੋ ਜੀ।

ਸੁਹਜ, ਲਿਆਕਤ, ਦਿਲ ਦੀ ਦੌਲਤ, ਵਧ ਜਾਵੇ ਜੇ ਵੰਡ ਦਿਉ ਤਾਂ,
ਦਰ ਤੇ ਆਏ ਖੜ੍ਹੇ ਸਵਾਲੀ, ਮੁੱਠੀਆਂ ਭਰ ਭਰ ਦਾਨ ਕਰੋ ਜੀ।

55