ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਧਰਤੀ ਤੇ ਦੱਸੋ ਕਿਹੜੈ, ਹੈ ਨਹੀਂ ਜੋ ਕਿਰਸਾਨ ਦੇ ਦੁਸ਼ਮਣ।
ਏਸ ਨਸਲ ਦੇ ਸਭ ਜੀਅ ਹੁੰਦੇ ਅਸਲ 'ਚ ਤਾਂ ਇਨਸਾਨ ਦੇ ਦੁਸ਼ਮਣ।

ਖੇਤਾਂ ਅੰਦਰ ਫ਼ਸਲ ਬੀਜਦਾ, ਭਰਮ ਭੰਡਾਰੀ ਹੋਣ ਦਾ ਪਾਲ਼ੇ,
ਭੇਦ ਭਾਵ ਬਿਨ ਕੁੱਲ ਦੁਨੀਆਂ ਦੇ ਕਿਉਂ ਲੋਕੀਂ ਭਗਵਾਨ ਦੇ ਦੁਸ਼ਮਣ।

ਇਹ ਵੱਖਰੀ ਸਰਹੱਦ ਤੇ ਰਾਖਾ, ਅੰਨ ਮੁਹਾਜ਼ ਦਾ ਸਿੰਘ ਸੂਰਮਾ,
ਕਿਉਂ ਲੁੱਟਦੇ ਨੇ ਮੰਡੀਆਂ ਅੰਦਰ, ਕਿਰਤੀ ਨੂੰ ਸ੍ਵੈਮਾਨ ਦੇ ਦੁਸ਼ਮਣ।

ਦੇਸ਼ ਪ੍ਰੇਮ ਪਿਆਲਾ ਪੀਂਦਾ, ਅਣਖ਼ ਆਬਰੂ ਖ਼ਾਤਰ ਜੀੰਦਾ,
ਚਤੁਰ ਚਲਾਕ ਕੁਰਸੀਏਂ ਬੈਠੇ, ਕਿਉਂ ਜਾਂਬਾਜ਼ ਜਵਾਨ ਦੇ ਦੁਸ਼ਮਣ।

ਪਹਿਲਾਂ ਸਿਰਫ਼ ਜ਼ਮੀਨ ਸੀ ਗਿਰਵੀ, ਹੁਣ ਸ਼ਾਹ ਮੰਗਦੇ ਫ਼ਰਦ ਜ਼ਮੀਰਾਂ,
ਤੰਗੀਆਂ, ਤੋੜੇ ਬਣ ਚੱਲੇ ਨੇ, ਵੀਰ ਮੇਰੇ ਦੀ ਜਾਨ ਦੇ ਦੁਸ਼ਮਣ।

ਇਸ ਦਾ ਵੀ ਦਿਲ ਕਰਦੈ ਬੱਚੇ ਪੜ੍ਹਨ ਸਕੂਲੀਂ, ਕਰਨ ਡਿਗਰੀਆਂ,
ਇਸ ਨੂੰ ਆਖਣ ਫ਼ੈਲਸੂਫ਼ੀਆਂ, ਜੋ ਇਸ ਦੇ ਸਨਮਾਨ ਦੇ ਦੁਸ਼ਮਣ।

ਹੱਕ ਮੰਗਦੇ ਨੂੰ ਲਾਠੀ ਗੋਲੀ, ਨੀਲਾ ਅੰਬਰ, ਧਰਤ ਗਵਾਹ ਹੈ,
ਕਿਉਂ ਨਾ ਜਾਨਣ ਇਸ ਦੀ ਹਸਤੀ, ਆਦਮ ਦੀ ਸੰਤਾਨ ਦੇ ਦੁਸ਼ਮਣ।

56