ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜ਼ਿੰਦਗੀ 'ਚ ਕਦੇ ਬੀਬਾ ਏਸਰਾਂ ਨਹੀਂ ਕਰੀਦਾ।
ਬੁਰਿਆਂ ਦੀ ਬਾਤ ਦਾ ਹੁੰਗਾਰਾ ਵੀ ਨਹੀਂ ਭਰੀਦਾ।

ਬਹਿਣ ਤੇ ਖਲੋਣ ਬਾਰੇ ਗੱਲ ਪੱਲੇ ਬੰਨ੍ਹ ਲੈ,
ਸੱਚ ਪੱਲੇ ਹੋਵੇ, ਕੱਲ੍ਹ ਹੋਣ ਤੋਂ ਨਹੀਂ ਡਰੀਦਾ।

ਰਾਤ ਪਿੱਛੋਂ ਦਿਨ ਫੇਰ ਏਹੀ ਨਿੱਤਨੇਮ ਹੈ,
ਐਵੇਂ ਦਮ ਘੁੱਟ ਘੁੱਟ ਜੀਂਦਿਆਂ ਨਹੀਂ ਮਰੀਦਾ।

ਜਿੱਸਰਾਂ ਮਿਲਾਪ ਰੂਹ 'ਚ ਛੇੜੇ ਵਿਸਮਾਦ ਨੂੰ,
ਓਸੇ ਤਰ੍ਹਾਂ ਮਿੱਤਰਾ ਵਿਛੋੜਿਆਂ ਨੂੰ ਜਰੀਦਾ।

ਟੁੱਟ ਗਿਆ ਸੁਪਨਾ ਹਕੀਕਤਾਂ ਨੂੰ ਜਾਣ ਲੈ,
ਭੁੱਲ ਜਾ ਤੂੰ ਸੁਪਨਾ ਹੁਸੀਨ ਕਿਸੇ ਪਰੀ ਦਾ।

ਆਈਆਂ ਅਜ਼ਮਾਉਣ ਤੇਰਾ ਤਾਣ ਮੇਰੇ ਹੀਰਿਆ,
ਵੇਖ ਕੇ ਮੁਸੀਬਤਾਂ ਨੂੰ ਐਵੇਂ ਨਹੀਂਓਂ ਠਰੀ ਦਾ।

ਅੱਜ ਨੂੰ ਸੰਵਾਰ ਭਾਈ ਕੱਲ੍ਹ ਕਿਸ ਵੇਖਿਆ,
ਇਹੀ ਉਪਦੇਸ਼ ਮੇਰੇ ਗੁਰੂ ਤੇਰੇ ਹਰੀ ਦਾ।

59