ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/64

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੱਚਿਆਂ ਘਰਾਂ ਦੇ ਬੂਹੇ ਕੰਧਾਂ ਨੂੰ ਸੰਭਾਲ਼ੀਏ।
ਵੱਡੇ ਨੇ ਸਵਾਲ ਐਵੇਂ ਹੱਸ ਕੇ ਨਾ ਟਾਲ਼ੀਏ।

ਸਾਗਰਾਂ ਦੀ ਹਿੱਕ ਥੱਲੇ ਸਾਡਾ ਹੀ ਸਮਾਨ ਹੈ,
ਚਲੋ ਜੀ ਮਧਾਣੀ ਫੜ ਏਸ ਨੂੰ ਖੰਘਾਲ਼ੀਏ।

ਫਿਰਦੇ ਨੇ ਚੋਰ ਤੇ ਲੁਟੇਰੇ ਸ਼ਰ੍ਹੇਆਮ ਹੁਣ,
ਆਪਣੇ ਬਨੇਰਿਆਂ ਤੇ ਆਪ ਦੀਵੇ ਬਾਲ਼ੀਏ।

ਕਾਹਦਾ ਉਹ ਈਮਾਨ ਜੋ ਬਾਜ਼ਾਰ ਵਿੱਚ ਬਹਿ ਗਿਆ,
ਚੋਰ ਅਤੇ ਸਾਧ ਏਥੇ ਬਣੇ ਭਾਈਵਾਲ਼ੀਏ।

ਤੇਰਾ ਇਨਸਾਫ਼ ਕਹਿੰਦੇ ਖੰਭ ਲਾ ਕੇ ਉੱਡਿਆ,
ਫ਼ੈਸਲੇ ਸੁਣਾਵੇਂ ਕੈਸੇ ਦਿਲਾਂ ਦੀਏ ਕਾਲ਼ੀਏ।

ਹੱਦਾਂ, ਸਰਹੱਦਾਂ ਦੇ ਉਰਾਰ ਪਾਰ ਮੌਤ ਹੈ,
ਜ਼ਿੰਦਗੀ ਦੇ ਰਾਖੇ ਹੋ ਗਏ ਅਕਲੋਂ ਦੀਵਾਲ਼ੀਏ।

ਪੈ ਗਿਆ ਫੁਟਾਰਾ ਰਾਗੀ ਗਾਉਂਦੇ ਨੇ ਬਸੰਤ ਰਾਗ,
ਫੁੱਟ ਪਉ ਨੀ ਤੂੰ ਵੀ ਹੁਣ ਆਸ ਦੀਏ ਡਾਲ਼ੀਏ।

64