ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/65

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨਾ ਘਬਰਾਵੀਂ ਜੀਣ ਜੋਗਿਆ, ਅੱਜ ਮਗਰੋਂ ਹੀ ਕੱਲ੍ਹ ਹੁੰਦਾ ਹੈ।
ਢੇਰੀ ਢਾਹ ਕੇ ਬਹਿ ਨਾ ਜਾਵੀਂ, ਹਰ ਮੁਸ਼ਕਿਲ ਦਾ ਹੱਲ ਹੁੰਦਾ ਹੈ।

ਚਾਰ ਚੁਫ਼ੇਰ ਘੁੰਮਰੀਆਂ ਪਾਉਂਦਾ ਦਰਦ ਪਰਿੰਦਾ ਬਹਿਣ ਨਾ ਦੇਵੀਂ,
ਮਨ ਦੀ ਟਾਹਣੀ ਪੱਕਾ ਰਹਿ ਕੇ ਏਹੀ ਬਣਦਾ ਸੱਲ ਹੁੰਦਾ ਹੈ।

ਤੂੰ ਤਕਰਾਰੋਂ ਸਿੱਧ ਮ ਸਿੱਧਾ ਪਹੁੰਚ ਗਿਐਂ ਹਥਿਆਰਾਂ ਤੀਕਰ,
ਗੁੱਸਾ ਤਾਂ ਚੰਡਾਲ ਭਰਾਵਾ, ਗੱਲ ਦਾ ਉੱਤਰ ਗੱਲ ਹੁੰਦਾ ਹੈ।

ਹਰ ਵੇਲੇ ਬਰਸਾਤ ਅਗਨ ਦੀ, ਬੋਲ ਤੇਜ਼ਾਬੀ ਮੂੰਹ 'ਚੋਂ ਕੱਢੇ,
ਸੁਖਨ ਸੁਨੇਹੜਾ ਭੇਜ ਭੈੜਿਆ, ਜੇ ਤੇਰੇ ਤੋਂ ਘੱਲ ਹੁੰਦਾ ਹੈ।

ਵਣ ਵਿੱਚ 'ਕੱਲ੍ਹਾ ਰੁੱਖ ਕਿਉਂ ਹੋਵੇ, ਹਮਸਾਇਆ ਹੈ ਮਾਂ ਪਿਉ ਜਾਇਆ,
ਤੇਜ਼ ਹਨ੍ਹੇਰੀਆਂ ਵਾਲਾ ਝਟਕਾ, ਤੁਧ ਬਿਨ ਕਿੱਥੇ ਝੱਲ ਹੁੰਦਾ ਹੈ।

ਬੇਹਿੰਮਤਾਂ ਦੀ ਯਾਰੀ ਜ਼ਹਿਮਤ, ਰਹਿਮਤ ਸੰਗਤ ਹਿੰਮਤੀਆਂ ਦੀ,
ਬੇਵਿਸ਼ਵਾਸ ਨਿਸ਼ਾਨੇ ਤੋਂ ਬਿਨ ਚਾਰ ਕਦਮ ਨਾ ਚੱਲ ਹੁੰਦਾ ਹੈ।

ਦਰਦ ਕਹਾਣੀ ਬਣ ਜਾਂਦੀ ਏ, 'ਕੱਠਿਆਂ ਹੋ ਕੇ ਹੜ੍ਹ ਦਾ ਪਾਣੀ,
ਸਬਰ, ਸਿਦਕ, ਸੰਤੋਖ ਬਿਨਾ ਇਹ 'ਕੱਲ੍ਹਿਆਂ ਜਿੱਥੇ ਠੱਲ੍ਹ ਹੁੰਦਾ ਹੈ।

65