ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/66

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਪੁੜ ਥੱਲੇ ਦੂਜਾ ਉੱਤੇ, ਪੀਸ ਰਹੇ ਚੱਕੀ ਵਿੱਚ ਦਾਣੇ।
ਭੋਲ਼ੇ ਲੋਕ ਅਲਾਪ ਰਹੇ ਨੇ, ਸਭ ਕੁਝ ਰੱਬਾ ਤੇਰੇ ਭਾਣੇ।

ਸਾਡਾ ਆਟਾ ਸਾਨੂੰ ਵੰਡ ਕੇ, ਆਖੀ ਜਾਣ ਵਜਾਉ ਤਾੜੀ,
ਕਿੰਨੇ ਚਾਤਰ ਹੋ ਗਏ ਵੇਖੋ, ਕੁਰਸੀਧਾਰੀ ਜ਼ਰ ਜਰਵਾਣੇ।

ਕਣਕ ਵੀ ਸਾਡੀ, ਹੱਥ ਵੀ ਸਾਡੇ, ਪੀਸਿਆ ਕੋਈ ਹੋਰ ਸਮੇਟੇ,
ਧਰਤੀ ਧਰਮ ਗੁਆਚ ਗਿਆ ਹੈ ਰਖਵਾਲਾ ਨਾ ਫ਼ਰਜ਼ ਪਛਾਣੇ।

ਚਿੜੀਆਂ ਮੌਤ ਗੰਵਾਰਾਂ ਹਾਸਾ, ਇਹ ਵਰਤਾਰਾ ਮੁੱਕਦਾ ਨਹੀਂਉਂ,
ਫਿਰਨ ਸ਼ਿਕਾਰੀ ਕੱਸ ਗੁਲੇਲਾਂ, ਧਰਮ ਨਗਰੀਉਂ, ਧੁਰ ਲੁਧਿਆਣੇ।

ਅੰਨ੍ਹਾ ਬੋਲ਼ਾ ਮਾਇਆ ਧਾਰੀ, ਸ਼ਸਤਰ ਧਾਰੀ ਤੇ ਅਧਿਕਾਰੀ,
ਕਿਹੜਾ ਦਰ ਖੜਕਾਈਏ ਦੱਸੋ, ਜਿਹੜਾ ਸਾਡਾ ਦਰਦ ਪਛਾਣੇ।

ਫਿਰ ਬੁੱਤਾਂ ਨੂੰ ਪੂਜ ਰਹੇ ਹਾਂ, ਮੁਕਤ ਕਰਾਇਆ ਜਿਸ ਤੋਂ ਗੁਰੂਆਂ,
ਕਿੱਧਰ ਘੇਰ ਲਿਆਏ ਸਾਨੂੰ ਧਰਮ ਦੇ ਨਾਂ ਤੇ ਮਾਨਸ ਖਾਣੇ।

ਯੋਗੀ ਭੋਗੀ ਰਲ ਗਏ ਸਾਰੇ, ਵੇਚਣ ਰਲ ਕੇ ਵਤਨਪ੍ਰਸਤੀ,
ਸੌ ਫੁੱਲ ਖਿੜੇ ਕਿਆਰੀਉਂ ਪੁੱਟ ਕੇ, ਬੀਜ ਰਹੇ ਨੇ ਜੋਗੀਆ ਬਾਣੇ।

ਸਤਿਯੁਗ, ਦਵਾਪਰ, ਕਾਲ ਤਰੇਤਾ ਕਲਿਯੁਗ ਤੀਕਰ ਅੱਖੀਆਂ ਮੀਟੀ,
ਜੰਤ ਪਰਿੰਦੇ ਹੁਣ ਵੀ ਗਾਉਂਦੇ, ਉਹਦੀਆਂ ਦਾਤਾਂ ਓਹੀ ਜਾਣੇ।

ਭੇਡਾਂ ਮੰਨਣ ਵਾਲਿਆਂ ਦੀ ਵੀ, ਨਸਲ ਬਦਲ ਗਈ, ਇਹ ਕੀ ਹੋਇਆ,
ਉੱਨ ਉਤਾਰਨ ਵਾਲੇ ਰੱਜ ਗਏ, ਆਜੜੀਆਂ ਦੇ ਪਾਟੇ ਬਾਣੇ।

66