ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/67

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਾਸ ਕਬੀਰ ਦੀ ਝੁੱਗੀ ਹੈ ਕਿਉਂ ਗਲ ਕਟੀਅਨ ਦੇ ਪਾਸ ਅਜੇ ਵੀ।
ਛੇ ਸਦੀਆਂ ਦਾ ਪਹੀਆ ਘੁੰਮਿਆ ਬਦਲਣ ਦੀ ਨਾ ਆਸ ਅਜੇ ਵੀ।

ਏਕ ਨੂਰ ਤੇ ਸਭ ਜਗ ਉਪਜੇ, ਗਾਉਂਦੇ ਹਾਂ, ਪਰ ਮੰਨਦੇ ਨਹੀਂਉਂ,
ਲਿੱਸਿਆਂ ਨੂੰ ਤਾਂ ਲੈਣੇ ਪੈਂਦੇ, ਪੁੱਛ ਪੁੱਛ ਕੇ ਕਿਉਂ ਸਵਾਸ ਅਜੇ ਵੀ।

ਰਾਜਭਾਗ ਦੀ ਅਰਦਲ ਅੰਦਰ ਗੁਣਵੰਤੇ ਕਿਉਂ ਚੌਰ ਝੁਲਾਉਂਦੇ,
ਹਰ ਅਰਜ਼ੀ ਤੇ ਕਿਉਂ ਲਿਖਦੇ ਨੇ, ਆਗਿਆਕਾਰੀ ਦਾਸ ਅਜੇ ਵੀ।

ਬੰਧਨ ਮੁਕਤ ਬਣਾਇਆ ਸੀ ਤੂੰ, ਸੌ ਫੁੱਲਾਂ ਨੂੰ ਖਿਨ ਸਿਖਾਇਆ,
ਖ਼ੁਸ਼ਬੋਈਆਂ ਨੂੰ ਘਰ ਨਹੀਂ ਮਿਲਿਆ, ਭੋਗਦੀਆਂ ਬਨਵਾਸ ਅਜੇ ਵੀ।

ਮੇਰੇ ਅੰਦਰ ਕੁਝ ਨਹੀਂ ਮੇਰਾ, ਸਭ ਕੁਝ ਤੇਰਾ, ਫਿਰ ਕਿਉਂ ਹੋਵੇ,
ਤੇਰੀ ਨਜ਼ਰ ਸਵੱਲੀ ਅੰਦਰ, ਧਨਵੰਤਾ ਹੀ ਖ਼ਾਸ ਅਜੇ ਵੀ।

ਤਰਸ ਦਾ ਪਾਤਰ ਗਿਆਨਵੰਤੀਆ, ਲੁਕਦਾ ਫਿਰਦਾ ਚਾਨਣ ਕੋਲੋਂ,
ਕਾਲਖ਼ ਦੀ ਸਰਦਾਰੀ ਥੱਲੇ, ਤੜਫ਼ ਰਿਹਾ ਇਤਿਹਾਸ ਅਜੇ ਵੀ।

ਤਾਣਾ ਤਣਿਆ ਸ਼ਬਦ ਸੁਨਹਿਰੀ, ਜਿਸਦੀ ਖ਼ਾਤਰ ਦਾਸ ਕਬੀਰਾ,
ਕਰਮਭੂਮ ਵਿੱਚ ਫਿਰੇ ਗਵਾਚਾ, ਤੇਰਾ ਬਚਨ ਬਿਲਾਸ ਅਜੇ ਵੀ।

67