ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਾਡੇ ਹੁੰਦੇ ਸੁੰਦਿਆਂ ਪੰਜਾਬ ਗਿਆ ਠੱਗਿਆ।
ਠੱਗਿਆ ਵੀ ਏਦਾਂ ਸਾਨੂੰ ਪਤਾ ਵੀ ਨਾ ਲੱਗਿਆ।

ਥਾਲੀ ਵਿੱਚ ਰੋਟੀ ਸੀ ਚਪਾਤੀ ਕਦੋਂ ਬਣ ਗਈ,
ਛੋਲਿਆਂ ਤੋਂ ਚਨੇ ਕਿੱਦਾਂ ਬਣੇ ਢੋਰਾ ਲੱਗਿਆ।

ਚੰਗੇ ਭਲੇ ਚੌਲ ਤੇਰੇ ਚਾਵਲਾਂ ’ਚ ਰਲ਼ ਗਏ,
ਖਾਈ ਜਾਹ ਗੁਤਾਵਾ ਤੂੰ, ਪੰਜਾਬੀਆ ਓ ਢੱਗਿਆ।

ਤੈਨੂੰ ਵੀ ਬਣਾਉਣਗੇ ਇਹ ਹੋਰ ਦਾ ਹੀ ਹੋਰ ਕੁਝ,
ਵੈਰੀਆਂ ਦੀ ਅੱਖ ਹੁਣ ਤੇਰੇ ਉੱਤੇ ਲੱਗਿਆ।

ਤੇਰੇ ਜਹੇ ਮਸ਼ੀਨਾਂ 'ਚ ਹਜ਼ਾਰਾਂ ਸਾਜ਼ ਕੈਦ ਨੇ,
ਵੱਜੇਂਗਾ ਤੂੰ ਕਿੱਦਾਂ ਹੁਣ ਢੋਲ ਉੱਤੇ ਡੱਗਿਆ।

ਤੇਰੀਆਂ ਉਡਾਰੀਆਂ ਦੇ ਨਾਲ ਸਿੱਧਾ ਵੈਰ ਹੈ,
ਕੱਟ ਦੇ ਤੂੰ ਨਸ਼ਿਆਂ ਦਾ ਜਾਲ ਸ਼ੇਰ ਬੱਗਿਆ।

ਵੇਖ ਲੈ ਸਰ੍ਹਾਲ* ਤੇਰੀ ਰੱਤ ਨੂੰ ਡਕਾਰਿਆ,
ਨੌਂ ਮਣ ਰੇਤ ਸੁੱਕੀ ਮੋਇਉਂ ਪੁੱਤ ਜੱਗਿਆ।


  • ਰੱਤ ਪੀਣਾ ਰੀਂਘਣਹਾਰਾ ਜੀਵ

68