ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬੜਾ ਹੀ ਵਰਜਿਆ ਖ਼ੁਦ ਨੂੰ ਇਹ ਕਹਿਣੋਂ ਰਹਿ ਨਹੀਂ ਸਕਦਾ।
ਮੈਂ ਤੇਰੇ ਵਾਸਤੇ ਤਾਂ ਹੋਰ ਹੇਠਾਂ ਲਹਿ ਨਹੀਂ ਸਕਦਾ।

ਅਧੂਰੀ ਗੁਫ਼ਤਗੂ ਛੱਡ ਕੇ ਤੂੰ ਮੁੜ ਕੇ ਬਾਤ ਨਾ ਛੋਹੀ,
ਮੈਂ ਤੇਰੀ ਬੇਰੁਖ਼ੀ ਏਨੀ ਵੀ ਜਿੰਦੇ ਸਹਿ ਨਹੀਂ ਸਕਦਾ।

ਤੂੰ ਮੇਰੀ ਅੱਖ ਵਿੱਚ ਅੱਥਰੂ ਦੀ ਜੂਨੇ ਕਿਉਂ ਪਈ ਪੀੜੇ,
ਜੋ ਪੱਥਰ ਹੋ ਗਿਐ, ਹੁਣ ਨੀਰ ਬਣ ਕੇ ਵਹਿ ਨਹੀਂ ਸਕਦਾ।

ਇਕੱਲਾ ਆਦਮੀ ਅੱਧਾ ਅਧੂਰਾ, ਕੀ ਕਹੇ, ਕਿਸਨੂੰ,
ਮੈਂ ਦਿਲ ਦੀ ਵਾਰਤਾ ਤੇਰੇ ਬਿਨਾਂ ਤਾਂ ਕਹਿ ਨਹੀਂ ਸਕਦਾ।

ਮੈਂ ਉੱਡਣੇ ਬਾਜ਼ ਦੇ ਖੰਭਾਂ ਤੇ ਅੰਬਰ ਬਹੁਤ ਗਾਹਿਆ ਹੈ,
ਤੇਰੀ ਦਹਿਲੀਜ਼ ਤੇ ਮੈਂ ਚੋਗ ਦੇ ਲਈ ਬਹਿ ਨਹੀਂ ਸਕਦਾ।

ਸਿਰਫ਼ ਕਮਜ਼ੋਰੀਆਂ ਬੰਦੇ ਦੀਆਂ ਮੂੰਹ ਭਾਰ ਕਰ ਦੇਵਣ,
ਸਬੂਤਾ ਆਦਮੀ ਓਦਾਂ ਕਿਸੇ ਤੋਂ ਢਹਿ ਨਹੀਂ ਸਕਦਾ।

ਕਦੇ ਵੇਖੀਂ, ਗਿਣੀਂ, ਬੁੱਕਲ ਮੇਰੀ ਵਿੱਚ ਚੰਨ ਸੂਰਜ ਨੇ,
ਮੈਂ ਤਾਰਾ ਨਗਰ ਸਾਰਾ, ਲੈ ਕਲਾਵੇ, ਛਹਿ* ਨਹੀਂ ਸਕਦਾ।


  • ਲੁਕਛਿਪ ਕੇ ਬਹਿਣਾ

69