ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/7

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਖੁਸ਼ੀਆਂ ਨਾਲ ਭਰੀਆਂ ਝੋਲੀਆਂ ਨੇ, ਪਰ ਹੱਸਣ ਲਈ ਹੀ ਵਕਤ ਨਹੀਂ।
ਦਿਨ ਰਾਤ ਦੌੜਦੀ ਦੁਨੀਆਂ ਵਿੱਚ, ਬੱਸ ਆਪਣੇ ਲਈ ਹੀ ਵਕਤ ਨਹੀਂ।

ਅੱਖੀਆਂ ਵਿੱਚ ਨੀਂਦਰ ਕਹਿਰਾਂ ਦੀ, ਬੇਚੈਨ ਹੈ ਤਨ ਮਨ ਸਾਰਾ ਹੀ,
ਘਰ ਸੇਜ਼ ਮਖ਼ਮਲੀ ਸੁੰਨੀ ਹੈ, ਬੱਸ ਸੌਣ ਲਈ ਹੀ ਵਕਤ ਨਹੀਂ।

ਗ਼ਮਗੀਨ ਜਿਹਾ ਦਿਲ ਭਾਰੀ ਹੈ, ਬਣ ਚੱਲਿਆ ਨਿਰੀ ਮਸ਼ੀਨ ਜਿਹਾ,
ਦਿਨ ਰਾਤ ਚਰਖ਼ੜੀ ਘੁੰਮੇ ਪਈ, ਹੁਣ ਰੋਣ ਲਈ ਹੀ ਵਕਤ ਨਹੀਂ।

ਅਸੀਂ ਸਾਰੇ ਰਿਸ਼ਤੇ ਮਾਰ ਲਏ, ਉਨ੍ਹਾਂ ਦੇ ਅਸਥ ਵੀ ਤਾਰ ਲਏ,
ਇਸ ਤਨ ਦੇ ਲੀਰਾਂ ਚੋਲ਼ੇ ਨੂੰ, ਦਫ਼ਨਾਉਣ ਲਈ ਹੀ ਵਕਤ ਨਹੀਂ।

ਪੈਸੇ ਦੀ ਹੋੜ 'ਚ ਦੌੜ ਰਹੇ, ਕਰ ਆਪਣਾ ਅੱਗਾ ਚੌੜ ਰਹੇ,
ਰਾਹਾਂ ਵਿੱਚ ਅਸੀਂ ਗੁਆਚ ਗਏ, ਬੱਸ ਥੱਕਣ ਲਈ ਹੀ ਵਕਤ ਨਹੀਂ।

ਸਭ ਇੱਕ ਦੂਜੇ ਤੋਂ ਡਰੇ ਹੋਏ, ਲੱਗਦਾ ਏ ਬੁੱਤ ਜਿਓਂ ਮਰੇ ਹੋਏ,
ਹੁਣ ਫ਼ੋਨ ਸੁਨੇਹੇ ਦੇਂਦਾ ਹੈ, ਪਰ ਦੋਸਤੀ ਲਈ ਹੀ ਵਕਤ ਨਹੀਂ।

ਦਿਨ ਰਾਤ ਸਰਕਦੇ ਸਭ ਪਹੀਏ, ਹੁਣ ਹੋਰ ਕਿਸੇ ਨੂੰ ਕੀ ਕਹੀਏ,
ਆਪਣੀ ਹੀ ਜ਼ਿੰਦਗੀ ਜਿਊਣ ਲਈ, ਬੱਸ ਆਪਣੇ ਕੋਲ ਹੀ ਵਕਤ ਨਹੀਂ।

ਅਸੀਂ ਕਦਰ ਕਿਸੇ ਦੀ ਕੀ ਕਰੀਏ, ਕਿਸ ਖ਼ਾਤਰ ਕਿੱਦਾਂ ਕਿਉਂ ਮਰੀਏ,
ਅੱਖੀਆਂ ਵਿੱਚ ਰੜਕ ਬਰਾਬਰ ਹੈ, ਤੇ ਸੁਪਨਿਆਂ ਲਈ ਹੀ ਵਕਤ ਨਹੀਂ।

ਹੁਣ ਤੂੰ ਹੀ ਦੱਸ ਦੇ ਜਿੰਦੜੀਏ, ਇਸ ਬੰਦੇ ਦਾ ਕੀ ਬਣਨਾ ਹੈ,
ਜਿਸ ਕੋਲ ਮਰਨ ਦੀ ਵਿਹਲ ਨਹੀਂ, ਤੇ ਜੀਣ ਲਈ ਹੀ ਵਕਤ ਨਹੀਂ।

7