ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੁੱਕੀ ਫਿਰਦੈਂ ਲਾਸ਼ ਅਜੇ ਵੀ, ਤਨ ਮੀਂਦਾ ਮਨ ਅੰਦਰੋਂ ਮਰਿਆ।
ਬਿਨ ਮੰਜ਼ਿਲ ਤੋਂ ਤੁਰਦੇ ਤੁਰਦੇ, ਤੇਰਾ ਹਾਲੇ ਦਿਲ ਨਹੀਂ ਭਰਿਆ?

ਏਨੀ ਲੰਮੀ ਚੁੱਪ ਦਾ ਕਾਰਨ, ਦੱਸ ਤਾਂ ਸਹੀ ਕਦੇ ਤੂੰ ਜਿੰਦੇ,
ਮੇਰੇ ਨਾਲ ਗੁਫ਼ਤਗੂ ਕਰਦੀ, ਸੱਚ ਦੱਸੀਂ ਨੀ ਦਿਲ ਨਹੀਂ ਕਰਿਆ?

ਇੱਕ ਟਾਹਣੀ ਤੇ ਏਨੇ ਉੱਲੂ, ਰਾਗ ਅਲਾਪਣ ਆਪੋ ਆਪਣੇ,
ਜਿਸ ਵਤਨ ਦਾ ਰਾਖਾ ਹੈ ਰੱਬ, ਹੁਣ ਵੀ ਮਰਿਆ, ਹੁਣ ਵੀ ਮਰਿਆ।

ਮੌਤ ਦੇ ਨਾਲ ਮਸ਼ਕਰੀ ਕਰਦਾ, ਉਹ ਪੰਜਾਬ ਗਵਾਚ ਗਿਆ ਹੈ,
ਹੁਣ ਤਾਂ ਏਥੇ ਰੁੱਖ ਤੇ ਬੰਦੇ, ਜੰਤ ਪਰਿੰਦਾ ਹਰ ਜੀਅ ਡਰਿਆ।

ਆਪੇ ਹੀ ਤੂੰ ਦੱਸ ਭਰਾਵਾ, ਮੇਰੀ ਸਿੱਖਿਆ ਕਿੰਜ ਲਵੇਗਾ?
ਕਿੰਨੀ ਦੇਰ ਗਿਲਾਸ ਤੇਰੇ ਹੱਥ ਨੱਕੋ ਨੱਕ ਸ਼ਰਾਬ ਦਾ ਭਰਿਆ।

ਤੇਰੀ ਜ਼ੁਲਫ਼ ਸੰਵਾਰਾਂ ਹੱਥੀਂ, ਰੀਝ ਅਜੇ ਵੀ ਮਚਲ ਰਹੀ ਏ,
ਤੈਨੂੰ ਵਰਨ ਲਈ ਦੱਸ ਪਰੀਏ, ਕਿਹੜਾ ਸਿਤਮ ਨਹੀਂ ਮੈਂ ਜਰਿਆ।

ਬੱਦਲਾਂ ਦੀ ਚੁੰਨੀ ਦਾ ਓਹਲਾ, ਪਾਸੇ ਕਰ, ਲਿਸ਼ਕੋਰਾਂ ਬਣ ਜਾ,
ਦੀਦ ਪਿਆਸੇ ਨੈਣਾਂ ਖ਼ਾਤਰ, ਤੇਰੇ ਤੋਂ ਇਹ ਵੀ ਨਾ ਸਰਿਆ।

70