ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਚ ਜਾਹ ਪੰਜਾਬ ਸਿੰਹਾਂ, ਚੌਂਕੀਦਾਰ ਕਹਿ ਗਿਆ।
ਓਨਾ ਤਾਂ ਬਚਾ ਲੈ, ਜਿੰਨਾ ਪੱਲੇ ਤੇਰੇ ਰਹਿ ਗਿਆ।

ਨਸ਼ਿਆਂ ਸਮੇਤ ਕਿੰਨੇ ਵੈਲਾਂ ਤੈਨੂੰ ਮਾਰਿਆ,
ਐਵੇਂ ਤਾਂ ਨਹੀਂ ਪਹੀਆ ਤੇਰਾ ਪਟੜੀ ਤੋਂ ਲਹਿ ਗਿਆ।

ਨਰਮੇ ਦੀ ਪੰਡ ਭਾਰੀ, ਤੁਰਿਆ ਰਹਿ, ਰੁਕੀਂ ਨਾ,
ਉੱਠਿਆ ਨਹੀਂ ਜਾਣਾ ਜੇ ਤੂੰ ਪਾਣੀ ਵਿੱਚ ਬਹਿ ਗਿਆ।

ਸੂਰਮਾ ਸਦੀਵੀ ਜੰਗ ਲੜੇ ਤਾਂ ਹੀ ਸੂਰਮਾ,
ਗਿਣਦਾ ਨਹੀਂ ਕਿੰਨੇ ਵਾਰ ਹਿੱਕੜੀ ਤੇ ਸਹਿ ਗਿਆ।

ਚੀਨ ਵੀ ਤਾਂ ਉੱਠਿਆ ਸੀ 'ਫੀਮ ਦੇ ਪਹਾੜ 'ਚੋਂ,
ਜੱਗ ਸਾਰਾ ਕੂਕਦਾ ਸੀ ਢਹਿ ਗਿਆ ਬਈ ਢਹਿ ਗਿਆ।

ਲੱਗ ਗਈ ਸਿਉਂਕ ਤੇਰੀ ਦੇਹੀ ਤੇ ਦਿਮਾਗ ਨੂੰ,
ਲੱਖ ਦਾ ਸੀ ਹੁੰਦਾ ਹੁਣ ਕੱਖ ਦਾ ਨਾ ਰਹਿ ਗਿਆ।

ਅੱਗ ਤਾਂ ਜਵਾਨਾ ਸਾਰੇ ਸੀਨਿਆਂ 'ਚ ਕੈਦ ਹੈ,
ਜਗ ਮਗ ਜਗੇ ਜਿਹੜਾ ਤੀਲੀ ਵਾਂਗੂੰ ਖਹਿ ਗਿਆ।

ਸਾਂਭ ਨੂੰ ਮਲਾਹਾ ਬੇੜਾ, ਚੱਪੂ ਮਾਰ ਤਾਣ ਨਾਲ,
ਕਿੰਨਾ ਕੁਝ ਪੁਲਾਂ ਹੇਠੋਂ ਵਹਿੰਦਾ ਵਹਿੰਦਾ ਵਹਿ ਗਿਆ।

71