ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/74

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਤੇਰੇ ਸਾਹਾਂ 'ਚ ਹਾਜ਼ਰ, ਅਲਵਿਦਾ ਕਹਿਣਾ ਨਹੀਂ ਹੈ।
ਇੱਕ ਪਲ ਕੀ, ਇੱਕ ਸਾਹ ਵੀ, ਦੂਰ ਮੈਂ ਰਹਿਣਾ ਨਹੀਂ ਹੈ।

ਪਲਕ ਦੇ ਅੰਦਰ ਨੂਰਾਨੀ, ਰੌਸ਼ਨੀ ਵਿੱਚ ਘੁਲ ਗਿਆ ਹਾਂ,
ਏਸ ਥਾਂ ਬਿਨ ਹੋਰ ਕਿਧਰੇ ਮੈਂ ਕਿਤੇ ਬਹਿਣਾ ਨਹੀਂ ਹੈ।

ਤੂੰ ਕਦੇ ਵੀ ਸ਼ਾਮ ਵੇਲੇ, ਇਹ ਕਹੀਂ ਨਾ, ਜਾਣ ਦੇ ਹੁਣ,
ਬਿਨ ਸਵਾਸਾਂ ਜੀਣ ਵਾਲਾ ਦਰਦ ਮੈਂ ਸਹਿਣਾ ਨਹੀਂ ਹੈ।

ਐ ਮੁਹੱਬਤ! ਅਜਬ ਤੇਰੀ ਦਾਸਤਾਂ ਹੈ ਮਹਿਕ ਵਰਗੀ,
ਏਸ ਤੋਂ ਮਹਿੰਗਾ ਕਦੇ ਮੈਂ ਵੇਖਿਆ ਗਹਿਣਾ ਨਹੀਂ ਹੈ।

ਕੀ ਕਹਾਂ, ਕਿੱਦਾਂ ਕਹਾਂ, ਤੂੰ ਕੀ ਕੀ ਮੈਨੂੰ ਬਖ਼ਸਿਆ ਏ,
ਇੱਕ ਦੋ ਜਨਮਾਂ 'ਚ ਮੈਥੋਂ, ਕਰਜ਼ ਇਹ ਲਹਿਣਾ ਨਹੀਂ ਹੈ।

ਹੋ ਗਈ ਸੀ ਪੀੜ ਪੱਥਰ, ਪਿਘਲਿਆਂ ਆਰਾਮ ਹੈ ਹੁਣ,
ਤੇਰੇ ਬਿਨ ਦਰਿਆ ਦਿਲੇ ਦੇ,' ਕੱਲ੍ਹਿਆਂ ਵਹਿਣਾ ਨਹੀਂ ਹੈ।

ਦਿਲ ਦੀ ਤਖ਼ਤੀ ਉਕਰਿਆ ਹੈ ਮਹਿਕ ਦੇ ਫੰਬੇ ਮੁਹੱਬਤ,
ਆਖ਼ਰੀ ਸਾਹਾਂ ਦੇ ਤੀਕਰ, ਹਰਫ਼ ਇਹ ਢਹਿਣਾ ਨਹੀਂ ਹੈ।

74