ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/75

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੇਰੇ ਹੱਥ ਵਿੱਚ ਸੂਰਜ ਨਹੀਂਉਂ, ਦੀਵਾ ਹੈ ਇੱਕ ਟਿਮਕ ਰਿਹਾ।
ਇਹਦੇ ਸਿਰ ਤੇ ਰਾਤ ਹਨ੍ਹੇਰੀ, ਵਿੱਚੋਂ ਦੀ ਮੈਂ ਗੁਜ਼ਰ ਗਿਆ।

ਵਿਕਦੇ ਨੇ ਗੁਫ਼ਤਾਰ ਦੇ ਗਾਜ਼ੀ, ਮੰਡੀ ਦੇ ਵਿੱਚ ਗਾਹਕ ਬੜੇ,
ਏਸ ਸ਼ਹਿਰ ਕਿਰਦਾਰ ਗਵਾਚਾ, ਚਾਨਣ ਸੂਹੀ ਲੀਕ ਜਿਹਾ।

ਕਾਲਾ ਅੰਬਰ ਵਿੱਚ ਵਿੱਚ ਤਾਰੇ, ਇਹ ਹਨ ਵਿੱਛੜੇ ਮੀਤ ਮਿਰੇ,
ਸਿੱਲ੍ਹੀ ਅੱਖ ਨੇ ਵੇਖਦਿਆਂ ਹੀ ਭਰਿਆ ਹੌਕਾ ਸਰਦ ਜਿਹਾ

ਸੱਚੀਂ ਮੈਂ ਦਰਿਆ ਹੋਣਾ ਸੀ, ਵਹਿੰਦਾ ਜੇ ਮੈਂ ਬਹਿੰਦਾ ਨਾ,
ਨਾ ਪੀਂਦੇ ਫਿਰ ਰੇਤਲ ਟਿੱਬੇ, ਇਹ ਤੂੰ ਬਿਲਕੁਲ ਠੀਕ ਕਿਹਾ।

ਬੁਝਿਆ ਬੁਝਿਆ ਮਰ ਜਾਵੇਂਗਾ, ਜਗ ਤੇ ਕਰ ਦੇ ਸੁਰਖ਼ ਸਵੇਰ,
ਚਾਰ ਚੁਫ਼ੇਰ ਵਿਛਾ ਦੇ ਚਾਨਣ, ਦਿਲ ਨੂੰ ਕਿੰਨੀ ਵਾਰ ਕਿਹਾ।

ਸੂਰਜ ਦੀ ਲਿਸ਼ਕੋਰ ਵਰਗਿਆ, ਧਰਤ ਉਡੀਕੇ ਤੈਨੂੰ ਹੀ,
ਕਿਰਨਾਂ ਬੀਜ ਸਿਆੜਾਂ ਅੰਦਰ, ਗਲੀਆਂ ਕੂਚੇ ਤੂੰ ਰੁਸ਼ਨਾ।

ਗੀਤ ਗ਼ਜ਼ਲ ਜਾਂ ਆਖ ਰੁਬਾਈ ਇਹ ਤੇਰੇ ਤੇ ਨਿਰਭਰ ਹੈ,
ਅੱਥਰੂ ਕਿਰਿਆ ਸਫ਼ਿਆਂ ਉੱਤੇ, ਦਿਲ ਨੇ ਆਪਣਾ ਦਰਦ ਕਿਹਾ।

75