ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/76

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦਿਨ ਚੜ੍ਹਦੇ ਤੋਂ ਸ਼ਾਮ ਤੀਕ ਜਦ ਯਾਦਾਂ ਝੁਰਮਟ ਪੌਂਦੀਆਂ ਨੇ।
ਸਾਹਾਂ ਵਿੱਚ ਸਰਗਮ ਛਿੜ ਪੈਂਦਾ, ਫਿਰ ਪੌਣਾਂ ਨਗਮੇ ਗੌਂਦੀਆਂ ਨੇ।

ਕਦੇ ਸੂਰਜ ਚੰਨ ਤੇ ਤਾਰਿਆਂ ਵਿੱਚ, ਜਿੰਦ ਲੱਭਦੀ ਤੈਨੂੰ ਸਾਰਿਆਂ ਵਿੱਚ,
ਸੁਣਿਆ ਕਰ ਅੰਬਰਾਂ ਵਾਲੜਿਆ, ਜਦ ਕੂੰਜੜੀਆਂ ਕੁਰਲੌਂਦੀਆਂ ਨੇ।

ਤਪ ਜਾਵੇ ਪਿੰਡਾ ਧਰਤੀ ਦਾ, ਮੁਰਝਾਉਂਦੇ ਬਿਰਖ਼ ਬਰੂਟੇ ਜਦ,
ਅੰਦਾਜ਼ ਅਜਬ ਮੀਂਹ ਮੰਗਣ ਦਾ, ਤਦ ਚਿੜੀਆਂ ਰੇਤ ਨਹੌਂਦੀਆਂ ਨੇ।

ਧਰਤੀ ਵਿੱਚ ਜੜ੍ਹਾਂ ਸਲਾਮਤ ਜੇ, ਪੱਤਿਆਂ ਨੂੰ ਲੋਰੀਆਂ ਪੌਣ ਦਏ,
ਖਿੜਦਾ ਹੈ ਬਾਗ ਬਗੀਚਾ ਫਿਰ ਖ਼ੁਸ਼ਬੋਈਆਂ ਆਪ ਬੁਲੌਂਦੀਆਂ ਨੇ।

ਸੂਰਜ ਦੀ ਅੱਖ ਵਿੱਚ ਅੱਖ ਪਾਵਾਂ, ਕਿਰਨਾਂ ਵੀ ਮੇਰਾ ਨੇੜ ਕਰਨ,
ਚਾਨਣ ਦੀ ਸੁਰਮ ਸਲਾਈ ਲੈ, ਮੇਰੇ ਨੈਣਾਂ ਦੇ ਵਿੱਚ ਪੌਂਦੀਆਂ ਨੇ।

ਰੂਹ ਵਾਲੇ ਵਰਕ ਫ਼ਰੋਲਦੀਆਂ ਤੇ ਆਖਣ ਮੂੰਹ 'ਚੋਂ ਬੋਲ ਜ਼ਰਾ,
ਦਸਤਕ ਦਰ ਦਸਤਕ ਦੇ ਦੇ ਕੇ, ਦਿਲ ਦਾ ਬੂਹਾ ਖੜਕੌਂਦੀਆਂ ਨੇ।

ਖੂਹਾਂ ਦੇ ਪਾਣੀ ਉੱਤਰ ਗਏ, ਆਹ ਅੱਖੀਆਂ ਵਿੱਚੋਂ ਕੀ ਵਗਦਾ,
ਹੰਝੂਆਂ ਦੀ ਮਾਲ੍ਹ ਨਹੀਂ ਤਰਦੀ, ਟਿੰਡਾਂ ਕਿਉਂ ਭਰ ਭਰ ਔਂਦੀਆਂ ਨੇ?

ਸੁਪਨੇ ਵਿੱਚ ਰੋਜ਼ ਮੈਂ ਵੇਖ ਰਿਹਾਂ, ਮੇਰੀ ਮਾਂ ਤੇ ਚਾਚੀ ਤਾਈ ਸਭ,
ਹਾਲੇ ਵੀ ਸਾਂਝਾ ਬਾਲਣ ਲੈ, ਹਰ ਸ਼ਾਮ ਤੰਦੂਰ ਤਪੌਂਦੀਆਂ ਨੇ।

ਖ੍ਵਾਬਾਂ ਦੇ ਉਡਣ ਖਟੋਲੇ ਵਿੱਚ, ਯਾਦਾਂ ਅਸਵਾਰ ਸਦੀਵੀ ਨੇ,
ਦਿਨ ਰਾਤ ਮੇਰੇ ਸੰਗ ਜਾਗਦੀਆਂ, ਖ਼ੌਰੇ ਕਿਸ ਵੇਲੇ ਸੌਂਦੀਆਂ ਨੇ।

76