ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/77

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਮੇਸ਼ਾਂ ਢਾਲ ਹੀ ਬਣਨਾ, ਕਦੇ ਹਥਿਆਰ ਨਹੀਂ ਬਣਨਾ।
ਤੁਸੀਂ ਰਾਹਾਂ 'ਚ ਛਾਂ ਬਣਨਾ, ਕਦੇ ਦੀਵਾਰ ਨਹੀਂ ਬਣਨਾ।

ਤੁਸੀਂ ਖ਼ੁਸ਼ਬੂ ਦੇ ਵਾਂਗਰ ਰੁਮਕਣਾ ਪੌਣਾਂ 'ਚ ਘੁਲ ਮਿਲ ਕੇ,
ਕਦੇ ਬਾਗਾਂ ਦੀ ਰੂਹ ਤੇ ਬੇ ਵਜ੍ਹਾ ਹੀ ਭਾਰ ਨਹੀਂ ਬਣਨਾ।

ਇਹ ਕਾਲਖ਼ ਆਦਮੀ ਨੂੰ ਖ਼ੋਰਦੀ ਬਰਬਾਦ ਕਰਦੀ ਹੈ,
ਹਨ੍ਹੇਰੀ ਰਾਤ ਦਾ ਭੁੱਲ ਕੇ ਕਦੇ ਪਰਿਵਾਰ ਨਹੀਂ ਬਣਨਾ।

ਤੁਸੀਂ ਧੁੱਪਾਂ ਤੇ ਛਾਵਾਂ ਨੂੰ, ਸਦਾ ਹੀ ਮਾਨਣਾ ਖੁੱਲ੍ਹ ਕੇ,
ਕਦੇ ਵੀ ਕਮਰਿਆਂ ਦੀ ਜੇਲ੍ਹ ਦਾ ਸ਼ਿੰਗਾਰ ਨਹੀਂ ਬਣਨਾ।

ਤੁਸੀਂ ਜਲ ਦਾ ਤਰੌਂਕਾ ਦੇਣ ਖ਼ਾਤਰ ਮਸ਼ਕ ਬਣ ਜਾਣਾ,
ਘਰਾਂ ਨੂੰ ਰਾਖ਼ ਕਰਦੈ ਉਹ ਕਦੇ ਅੰਗਿਆਰ ਨਹੀਂ ਬਣਨਾ।

ਤੁਸੀਂ ਹਰ ਵਕਤ ਹੀ ਤੁਰਨੈਂ ਮਸ਼ਾਲਾਂ ਬਾਲ ਕੇ ਸ਼ਬਦੋ,
ਕਦੇ ਲਾਲਚ ਦੀ ਝਾਂਜਰ ਪਹਿਨਦੀ ਅਖ਼ਬਾਰ ਨਹੀਂ ਬਣਨਾ।

ਤੁਸੀਂ ਸੰਗਲ ਸਹੀ, ਪਰ ਪਿਘਲ ਕੇ ਵੀ ਯਾਦ ਇਹ ਰੱਖਣਾ,
ਤੁਸੀਂ ਕਿਰਪਾਨ ਬਣ ਜਾਇਓ, ਕਦੇ ਤਲਵਾਰ ਨਹੀਂ ਬਣਨਾ।

77