ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/80

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੀਹਦੀ ਏ ਮਜਾਲ ਸਾਨੂੰ ਡੱਬੀ ਵਿੱਚ ਪਾ ਲਵੇ।
ਮਹਿਕ ਦਾ ਵਜੂਦ, ਭਾਵੇਂ ਸਾਹਾਂ ਵਿੱਚ ਸਾਹ ਲਵੇ।

ਏਨੀ ਗੱਲ ਸਾਫ਼, ਮੈਂ ਨਹੀਂ ਕੱਪੜਾ, ਵਜੂਦ ਹਾਂ,
ਜਦੋਂ ਦਿਲ ਕਰੇ ਮੈਨੂੰ ਪਾ ਲਵੇ ਤੇ ਲਾਹ ਲਵੇ।

ਸਾਗਰੋਂ ਵਿਸ਼ਾਲ ਸੀਨਾ, ਨਿਸ਼ਚਾ ਅਡੋਲ ਹੈ,
ਜਿੰਨਾ ਜ਼ੋਰ ਲੱਗੇ ਉਹਦਾ,ਓਨਾ ਹੋਰ ਤਾਅ ਲਵੇ।

ਆਪਣੀ ਹੀ ਅੱਗ ਵਿੱਚ ਮੱਚਦੇ ਨੂੰ ਕਹਿ ਦਿਓ,
ਕਦੇ ਤਾਂ ਪਿਆਰ ਨਾਲ ਸਾਨੂੰ ਚਿੱਤੋਂ ਚਾਹ ਲਵੇ।

ਚੜ੍ਹੇ ਘੋੜੇ ਹਰ ਵੇਲੇ, ਰਹਿਣਾ ਵੀ ਤਾਂ ਰੋਗ ਹੈ,
ਬਿਰਖਾਂ ਦੇ ਹੇਠ ਬੈਠ, ਕਹੋ, ਕਦੇ ਸਾਹ ਲਵੇ।

ਧੂੰਏਂ ਦੇ ਪਹਾੜ ਉੱਤੇ, ਕੀਹਨੇ ਕੀਤੀ ਯਾਤਰਾ,
ਖ਼ਾਬਾਂ ਦੇ ਪਰਿੰਦੇ ਹੁਣ ਧਰਤੀ ਤੇ ਲਾਹ ਲਵੇ।

ਸਾਡੇ ਪਿੰਡ ਓਸੇ ਨੂੰ ਹਵਾਵਾਂ ਦੇਣ ਲੋਰੀਆਂ
ਕੰਧ ਨਾਲ ਖੜ੍ਹਾ ਮੰਜਾ, ਜਿਹੜਾ ਛਾਵੇਂ ਡਾਹ ਲਵੇ।

80