ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/81

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਲਕਾਂ ਉਹਲੇ ਲੁਕਿਆ ਸੂਰਜ, ਚੜ੍ਹਦਾ ਤਾਂ ਪਰਭਾਤ ਵੇਖਦੇ।
ਚੁੱਪ ਦੀ 'ਨ੍ਹੇਰ ਗੁਫ਼ਾ ਵਿੱਚ ਰਹਿੰਦੇ ਮਰ ਚੱਲੇ ਹਾਂ ਰਾਤ ਵੇਖਦੇ।

ਨੀਵੀਂ ਨਜ਼ਰ ਕਰੇਂ, ਨਾ ਬੋਲੇਂ, ਹੋਠੀਂ ਜੰਦਰੇ ਲਾ ਨਾ ਭਲੀਏ,
ਦੋ ਹਿਰਨੋਟੇ ਨੈਣ ਤੇਰੇ ਕਿਉਂ ਨਾ ਮੇਰੇ ਜਜ਼ਬਾਤ ਵੇਖਦੇ।

ਹਿਜਰ ਵਸਲ ਵਿੱਚ ਅੰਤਰ ਮਿਟਿਆ, ਵਕਤ ਖਲੋਤਾ ਹੋਵੇ ਜੀਕਣ,
ਬਿਰਖ਼ਾਂ ਵਿੱਚ ਦੀ ਚੰਨ ਦਾ ਚਿਹਰਾ, ਜਿੰਦ ਨਸ਼ਿਆਈ ਝਾਤ ਵੇਖਦੇ।

ਸਿਫ਼ਰ ਬਰਾਬਰ ਮੇਰੀ ਹਸਤੀ, ਰਕਮ ਬਣਾਂ ਜੇ ਤੂੰ ਨਾਲ ਤੁਰੇਂ,
ਬੀਤ ਰਹੀ ਹੈ ਉਮਰ ਅਜੇ ਤਾਂ ਯਾਦਾਂ ਦੀ ਸੌਗ਼ਾਤ ਵੇਖਦੇ।

ਮੈਂ ਵੀ ਚੰਨ ਜਾਂ ਸੂਰਜ ਹੁੰਦਾ ਤੇਰੇ ਦੋ ਨੈਣਾਂ ਵਿੱਚ ਜਗਦਾ,
ਦੁਨੀਆਂ ਵਾਲੇ ਜ਼ਾਤ ਨੂੰ ਛੱਡ ਕੇ, ਜੇ ਮੇਰੀ ਔਕਾਤ ਵੇਖਦੇ।

ਹੱਸ ਪਿਆ ਕਰ ਚੰਬੇ ਜਾਈਏ, ਖਿੜ ਪੈਂਦੈ ਮਨ ਬਾਗ ਬਗੀਚਾ,
ਮਹਿਕੇ ਜੀਕੂੰ ਰਾਤ ਦੀ ਰਾਣੀ, ਤਾਰਿਆਂ ਦੀ ਬਾਰਾਤ ਵੇਖ ਕੇ।

ਵੇਖ ਕਿਵੇਂ ਘਨਘੋਰ ਘਟਾਵਾਂ ਲੈ ਕੇ ਕਣੀਆਂ ਆ ਗਈਆਂ ਨੇ,
ਜੀਅ ਕਰਦਾ ਸੀ ਭਿੱਜਕੇ ਦੋਵੇਂ, ਇੰਜ ਪਹਿਲੀ ਬਰਸਾਤ ਵੇਖਦੇ।

81