ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/82

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤਨ ਦੀ ਭਟਕਣ, ਮਨ ਦੀ ਅਟਕਣ, ਸਾਬਤ ਕਦਮ ਅਡੋਲ ਰਹੇ।
ਅਕਲ ਦੀ ਸੰਗਲੀ, ਫੜ ਲੈ ਘੁੱਟਕੇ, ਖਿਸਕੇ ਨਾ ਇਹ ਕੋਲ ਰਹੇ।

ਹਰ ਮੰਜ਼ਿਲ ਹੀ ਖ਼ੁਦ ਸਿਰਨਾਵਾਂ ਦੱਸ ਦੇਂਦੀ ਹੈ ਪਾਂਧੀ ਨੂੰ,
ਪਰਪੱਕ ਨਿਸ਼ਚਾ ਹੋਵੇ ਜੇਕਰ ਪੈਰਾਂ ਵਿੱਚ ਸਮਤੋਲ ਰਹੇ।

ਫਿਰ ਕੀ ਹੋਇਆ ਚੜ੍ਹੀ ਹਨੇਰੀ, ਇਹ ਤਾਂ ਪਹਿਲੀ ਵਾਰ ਨਹੀਂ,
ਬਾਲ ਚਿਰਾਗ ਬਨੇਰੇ ਧਰ ਦੇ, ਟਿਕ ਜਾਣੇ ਜੋ ਡੋਲ ਰਹੇ।

ਮਿੱਟੀ ਤੇ ਕਾਬਜ਼ ਨੂੰ ਦੱਸੋ, ਕੋਲ ਬਿਠਾ ਸਮਝਾ ਦੇਵੋ,
ਵਗਦੇ ਪਾਣੀ, ਖ਼ੁਸ਼ਬੂ, ਪੌਣਾਂ, ਦੱਸੋ ਕਿਸ ਦੇ ਕੋਲ ਰਹੇ।

ਨੀਲੇ ਅੰਬਰ ਆਲ੍ਹਣਿਆਂ ਲਈ, ਸੁਪਨੇ ਰੀਝਾਂ, ਅੱਥਰੇ ਚਾਅ,
ਮੇਰੀ ਰੂਹ ਦੇ ਉੱਡਣੇ ਪੰਛੀ ਵੇਖ ਲਵੋ ਪਰ ਤੋਲ ਰਹੇ।

ਸੁਣਦਾ ਕਿਉਂ ਨਾ ਬਾਬਲ ਬਣ ਕੇ, ਲੁਕਦਾ ਫਿਰਦੈ ਸ਼ੀਸ਼ੇ ਤੋਂ,
ਸ਼ੁਕਰ ਮਨਾ ਤੂੰ, ਇਹ ਬੇ ਜੀਭੇ ਦਰਦ ਕਹਾਣੀ ਫ਼ੋਲ ਰਹੇ।

ਓਦੋਂ ਤੱਕ ਤਾਂ ਸਾਰਾ ਕੁਝ ਹੀ, ਸਭ ਅੱਛਾ ਸੀ, ਤਖ਼ਤ ਲਈ,
ਧਰਤੀ ਵਾਲੇ ਜਦ ਤੀਕਰ ਸੀ, ਹੱਕ ਸੱਚ ਤੋਂ ਅਣਭੋਲ ਰਹੇ।

82