ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/84

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਏਸ ਵਤਨ ਵਿੱਚ ਘਰ ਕਿੱਥੇ ਹੈ, ਖ਼ਾਲੀ ਚਾਰਦੀਵਾਰੀਆਂ ਨੇ।
ਲੱਭਦਿਆਂ ਇਹ ਉਮਰਾ ਬੀਤੀ, ਤਾਂ ਹੀ ਅੱਖੀਆਂ ਭਾਰੀਆਂ ਨੇ।

ਮੇਰੇ ਪੈਰੀਂ ਬਚਪਨ ਤੋਂ ਹੀ, ਬੱਝ ਗਏ ਪਰਬਤ, ਦਿਸਦੇ ਨਹੀਂ,
ਅਪਣੇ ਤੋਂ ਹੀ ਅਪਣੇ ਤੀਕਰ, ਤਾਂਹੀਉਂ ਸਗਲ ਉਡਾਰੀਆਂ ਨੇ।

ਤੂੰ ਕਹਿੰਦਾ ਏਂ ਤੇਜ਼ ਤੁਰਾਂ ਮੈਂ, ਪਰ ਇਸ ਗੱਲ ਨੂੰ ਭੁੱਲ ਜਾਵੇਂ,
ਉਸਤਰਿਆਂ ਦੀ ਮਾਲਾ ਗਲ ਵਿੱਚ, ਪੈਰਾਂ ਹੇਠ ਕਟਾਰੀਆਂ ਨੇ।

ਬਾਗ ਬਗੀਚਾ ਕੰਬਿਆ ਸਾਰਾ, ਪੱਤਾ ਪੱਤਾ ਸਹਿਮ ਗਿਆ,
ਰਾਖਿਆਂ ਦੇ ਹੱਥ, ਆਪਣੇ ਨੈਣੀਂ, ਵੇਖੀਆਂ ਜਦ ਤੋਂ ਆਰੀਆਂ ਨੇ।

ਪਹਿਲੀ ਵਾਰੀ ਏਸ ਕਿਸਮ ਦਾ ਧਰਮ ਵੇਖਿਆ ਧਰਤੀ ਨੇ,
ਧਰਮ ਸਥਾਨ ਵਰਮੀਆਂ ਅੰਦਰ, ਧਰੀਆਂ ਨਾਗ ਪਟਾਰੀਆਂ ਨੇ।

ਤੇਰੇ ਹੁੰਦਿਆਂ ਚੂੰਡ ਰਹੇ ਨੇ, ਇਸਮਤ, ਜ਼ਰ ਜਰਵਾਣੇ ਸਭ,
ਰਾਜ ਕਰਦਿਆ, ਬੰਦ ਕਿਉਂ ਤੇਰੀਆਂ, ਅੱਖਾਂ, ਬੂਹੇ ਬਾਰੀਆਂ ਨੇ।

ਦੇਰ ਸਵੇਰ ਜਵਾਬ ਤਾਂ ਦੇਣਾ ਪੈਣੈਂ ਸਰਬ ਸਵਾਲਾਂ ਦਾ,
ਜਾਨਾਂ ਵਾਰ ਗਿਆਂ ਜਦ ਸਾਥੋਂ ਪੁੱਛਣੀਆਂ ਗੱਲਾਂ ਸਾਰੀਆਂ ਨੇ।

84