ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/86

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਭਗਤ ਸਰਾਭਾ ਊਧਮ ਸਿੰਘ ਤਾਂ ਅਣਖ਼ੀ ਰੁੱਤ ਕਿਰਦਾਰ ਦਾ ਨਾਂ ਹੈ।
ਲੋਕ ਮੁਕਤੀਆਂ ਖ਼ਾਤਰ ਪੱਲ੍ਹਰੀ ਸੂਹੀ ਸੁਰਖ਼ ਬਹਾਰ ਦਾ ਨਾਂ ਹੈ।

ਦੇਸ ਪੰਜਾਬ ਦੇ ਸਿਰ ਤੋਂ ਲੱਥੀ, ਮੁੜ ਚਿਣ ਕੇ ਬੱਧੀ ਹੋਈ,
ਵੀਰਾਂ ਦੇ ਸਿਰ ਸ਼ਮਲੇ ਵਾਲੀ ਅਣਖ਼ੀਲੀ ਦਸਤਾਰ ਦਾ ਨਾਂ ਹੈ।

ਰੰਗ ਨਸਲ ਤੇ ਜ਼ਾਤੋਂ ਉੱਚੜਾ ਆਜ਼ਾਦੀ ਦਾ ਪਰਚਮ ਸੁੱਚੜਾ,
ਜੱਲ੍ਹਿਆਂ ਵਾਲਾ ਬਾਗ ਤਾਂ ਸਾਡੇ ਉਸ ਵੱਡੇ ਪਰਿਵਾਰ ਦਾ ਨਾਂ ਹੈ।

ਵਿਰਸੇ ਦਾ ਸ੍ਵੈਮਾਣ ਬਰਾਬਰ, ਕਾਇਮ ਦਾਇਮ ਜਿੱਤ ਦਾ ਨਿਸ਼ਚਾ,
ਸੀਸ ਤਲੀ ਤੇ ਧਰ ਕੇ ਤੁਰਦੀ, ਬਿਜਲੀ ਜਹੀ ਰਫ਼ਤਾਰ ਦਾ ਨਾਂ ਹੈ।

ਹਿੰਮਤ, ਸਿਦਕ, ਦਲੇਰੀ ਚੌਥਾ, ਮਾਣ ਭਰਾਵਾਂ ਦਾ ਜੇ ਰਲ ਜੇ,
ਹੱਕ ਸੱਚ ਤੇ ਇਨਸਾਫ਼ ਲੋੜਦੀ, ਨਿਰਭਉ ਸੋਚ ਵਿਚਾਰ ਦਾ ਨਾਂ ਹੈ।

ਜਬਰ ਜ਼ੁਲਮ ਦੇ ਸਦਾ ਸਾਹਮਣੇ, ਨਾ ਲਿਫ਼ਦੀ ਨਾ ਝੁਕਦੀ ਜਿਹੜੀ,
ਬਾਬਰ ਨੂੰ ਜੋ ਜਾਬਰ ਬੋਲੇ, ਮੇਰੀ ਗੁਰ ਗੁਫ਼ਤਾਰ ਦਾ ਨਾਂ ਹੈ।

ਤੂੰ ਜੋ ਮਰਜ਼ੀ ਸਮਝ ਲਵੀਂ ਹੁਣ, ਗੀਤ ਗ਼ਜ਼ਲ ਕਵਿਤਾਵਾਂ ਕਹਿ ਲੈ,
ਮੇਰੇ ਲਈ ਤਾਂ ਕਰਜ਼ ਪੁਰਾਣਾ, ਸਿਰ ਤੋਂ ਉੱਤਰੇ ਭਾਰ ਦਾ ਨਾਂ ਹੈ।

86