ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/88

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਦੇ ਵੀ ਆਸ ਦੇ ਦੀਵੇ, ਹਵਾ ਤੋਂ ਡਰਨ ਨਾ ਦੇਣਾ।
ਉਮੀਦਾਂ ਵਕਤ ਜੋ ਕਰਦੈ, ਕਦੇ ਵੀ ਮਰਨ ਨਾ ਦੇਣਾ।

ਹਨੇਰੀ ਰਾਤ ਹੈ, ਤੂਫ਼ਾਨ, ਝੱਖੜ, ਡੋਲਦੇ ਸਾਏ,
ਤੇ ਜਿਊਂਦੀ ਲਾਸ਼ ਵਾਂਗੂੰ ਦੋਸਤੀ ਨੂੰ ਤਰਨ ਨਾ ਦੇਣਾ।

ਸਿਰਾਂ ਤੇ ਸ਼ਾਮ ਹੈ, ਸੂਰਜ ਸਮੁੰਦਰ ਮਿਲਣ ਲੱਗੇ ਨੇ,
ਦਿਲਾਂ ਨੂੰ ਸਾਂਭਣਾ ਤੇ ਸਰਦ ਹੌਕਾ ਭਰਨ ਨਾ ਦੇਣਾ।

ਕਦੇ ਵੀ ਰਾਤ ਦੇ ਸਾਏ ਤੋਂ ਡਰ ਕੇ ਸਹਿਮ ਨਾ ਜਾਣਾ,
ਜਿਊਂਦੇ ਖ਼ਾਬ ਨੂੰ ਅਗਨੀ ਹਵਾਲੇ ਕਰਨ ਨਾ ਦੇਣਾ।

ਬੜੇ ਤੂਫ਼ਾਨ ਆਏ, ਆਉਣਗੇ ਵੀ ਹੋਰ ਚੜ੍ਹ ਚੜ੍ਹ ਕੇ,
ਦਿਲਾ ਤੂੰ ਹੌਸਲਾ ਰੱਖੀਂ, ਉਮੀਦਾਂ ਠਰਨ ਨਾ ਦੇਣਾ।

ਨਿਖ਼ਸਮੀ ਜੂਹ ਦੇ ਅੰਦਰ ਫਿਰਨ ਟੋਲੇ ਬੇਲ਼ਗਾਮੇ ਜੋ,
ਤੂੰ ਆਪਣੀ ਫ਼ਸਲ ਅੰਦਰ ਵਰਜ, ਏਥੇ ਚਰਨ ਨਾ ਦੇਣਾ।

ਕਦੇ ਜੇ ਔਣ ਉਹ ਪਲ, ਕਹਿਣ ਜੋ ਦੜ ਵੱਟ ਕੇ ਬਹਿ ਜਾ,
ਬਡੂੰਹੀਂ ਚੜ੍ਹਨ ਨਾ ਦੇਣਾ, ਕਦੇ ਵੀ ਸ਼ਰਨ ਨਾ ਦੇਣਾ।

88