ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/89

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਚੀਕਦੇ ਸਾਰੇ ਕਿ ਇਹ ਤਾਂ ਰੱਜਿਆਂ ਦੇ ਘਰ ਭਰੇ।
ਤਖ਼ਤ ਜਿੰਨ੍ਹਾਂ ਨੇ ਬਿਠਾਇਆ, ਨਾ ਕਰੇ ਖ਼ੁਸ਼, ਕੀ ਕਰੇ?

ਬੇਦਲੀਲ ਨਾਲ ਚਰਚਾ, ਬਹਿਸ ਹੁਣ ਮੈਂ ਕੀ ਕਰਾਂ,
ਸਮਝਦੈ ਮੂਰਖ਼ ਕਿ ਇਹ ਤਾਂ, ਕਾਇਰ ਹੈ, ਮੈਥੋਂ ਡਰੇ।

ਜਾਲ ਵਿੱਚ ਸਾਡੇ ਹੀ ਜੀਅ ਨੇ, ਚੋਗ ਦੇ ਲਾਲਚ ਸ਼ਿਕਾਰ,
ਵਿਕਣ ਮਗਰੋਂ ਜਲ ਪਰੀ ਫਿਰ ਪਾਣੀਆਂ ਵਿੱਚ, ਕੀਹ ਤਰੇ।

ਤੜਪਦੀ ਖ਼੍ਵਾਬਾਂ ਦੀ ਘੁੱਗੀ, ਤੀਰ ਵਿੰਨ੍ਹਦੇ ਆਰ ਪਾਰ,
ਕਿੰਨੇ ਸੂਰਜ ਚੜ੍ਹ ਕੇ ਲਹਿ ਗਏ, ਜ਼ਖ਼ਮ ਤਾਂ ਓਵੇਂ ਹਰੇ।

ਤੁਰਦਿਆਂ ਦੇ ਨਾਲ, ਤੁਰਦਾ ਕਾਫ਼ਲਾ ਯਾਰੋ ਹਮੇਸ਼,
ਬਾਹਰ ਚੱਲ, ਤੇ ਵੇਖ ਮੰਜ਼ਿਲ, ਬੈਠ ਨਾ ਛੁਪ ਕੇ ਘਰੇ।

ਨੀਲ ਗਊਆਂ, ਜਾਂਗਲੀ ਗਿੱਦੜ ਤੇ ਵੈਰੀ ਬੇ ਸ਼ੁਮਾਰ,
ਇਹ ਆਵਾਰਾ ਵੱਗ ਮੁੜ ਮੁੜ ਫ਼ਸਲ ਕਿਉਂ ਸਾਡੀ ਚਰੇ?

ਗਰਜ਼ ਪਿੱਛੇ ਰਾਤ ਨੂੰ ਨਾ ਰਾਤ, ਚਿੱਟਾ ਦਿਨ ਕਹੀਂ,
ਮਰਨ ਤੋਂ ਪਹਿਲਾਂ ਹੀ ਬੰਦਾ, ਏਸ ਮੌਤੇ ਕਿਉਂ ਮਰੇ?

ਤੂੰ ਵੀ ਲਾਹ ਦੇ ਘੁੰਡ, ਕਹਿ ਦੇ ਚੋਰ ਨੂੰ ਤੂੰ ਚੋਰ ਹੁਣ,
ਉਹ ਤਾਂ ਆ ਕੇ ਬਹਿ ਗਿਆ ਹੁਣ, ਮੱਲ ਬੈਠਾ ਚੌਂਤਰੇ।

ਵਰਕਿਆਂ ਤੇ ਰੰਗ ਭਰ ਦੇ ਬਣ ਸਮੇਂ ਦਾ ਚਿਤਰਕਾਰ,
ਮੈਂ ਤਾਂ ਲਿਖ 'ਤੇ ਤਾਣ ਲਾ ਕੇ, ਸ਼ਬਦ ਜੋ ਮੈਥੋਂ ਸਰੇ।

89