ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/9

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਆਰ ਦਾ ਬੂਟਾ ਰੂਹ ਵਿੱਚ ਲਾਇਆ ਜਾਂਦਾ ਹੈ ।
ਖ਼ੂਨ ਜਿਗਰ ਦਾ ਹਰ ਪਲ ਪਾਇਆ ਜਾਂਦਾ ਹੈ ।

ਹੋਵੇ ਨਾ ਦਿਲਦਾਰ ਸੁਣਨ ਲਈ, ਕੋਲ ਜਦੋਂ,
ਸ਼ਬਦਾਂ ਨੂੰ ਹੀ ਦਰਦ ਸੁਣਾਇਆ ਜਾਂਦਾ ਹੈ ।

ਮਿਲ ਜਾਇਆ ਕਰ, ਸੁਪਨੇ ਅੰਦਰ ਏਦਾਂ ਹੀ,
ਉਂਝ ਭਲਾ ਦੱਸ ਕਿੱਥੇ, ਆਇਆ ਜਾਂਦਾ ਹੈ ।

ਰੂਹ ਤੋਂ ਭਾਰ ਉਤਾਰਨ ਦੇ ਸਭ, ਤਰਲੇ ਨੇ,
ਓਦਾਂ ਕਿੱਥੇ ਮਨ ਉਲਥਾਇਆ, ਜਾਂਦਾ ਹੈ ।

ਨਾਲ ਮੁਕੱਦਰ ਸ਼ਿਕਵਾ ਕਰਿਆਂ, ਮਿਲਣਾ ਨਾ,
ਇਹ ਤਾਂ ਐਵੇਂ ਵਕਤ ਗੁਆਇਆ ਜਾਂਦਾ ਹੈ ।

ਹਾਰ ਵਕਤ ਦੀ ਵੇਖੀ ਹੈ ਮੈਂ, ਏਸ ਕਦਰ,
ਖ਼ਲਨਾਇਕ ਨੂੰ ਨਾਇਕ, ਬਣਾਇਆ ਜਾਂਦਾ ਹੈ ।

ਵੇਖ ਕਿਵੇਂ ਬਿਨ ਸਾਜ਼, ਹਵਾਵਾਂ ਰੁਮਕਦੀਆਂ,
ਏਸ ਤਰ੍ਹਾਂ ਵੀ ਗੀਤ, ਸੁਣਾਇਆ ਜਾਂਦਾ ਹੈ ।

ਕਿੰਨਾ ਵਕਤ ਗੁਆਇਆ, ਤੇ ਹੁਣ ਸਮਝੇ ਹਾਂ,
ਆਪ ਗੁਆ ਕੇ ਹੀ ਕੁਝ, ਪਾਇਆ ਜਾਂਦਾ ਹੈ ।

ਸੁਰ ਤੇ ਸਾਜ਼ ਵਿਲਕਦੇ, ਪੀੜਾਂ ਦੱਸਣ ਲਈ,
ਧੁਰ ਅੰਦਰੋਂ ਜੇ, ਮਨ ਪਿਘਲਾਇਆ ਜਾਂਦਾ ਹੈ ।

9