ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/93

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਢੇਰੀ ਢਾਹ ਕੇ ਬਹਿ ਜਾਂਦਾ ਏਂ, ਏਸ ਤਰ੍ਹਾਂ ਨਾ ਕਰਿਆ ਕਰ ਤੂੰ।
ਮਰਨ ਦਿਹਾੜਾ ਜੇਕਰ ਮਿਥਿਆ, ਜੀਂਦੇ ਜੀਅ ਨਾ ਮਰਿਆ ਕਰ ਤੂੰ।

ਆਪੇ ਕਹਿੰਦੈਂ, ਚਾਰ ਦਿਹਾੜੇ, ਇਹ ਜ਼ਿੰਦਗਾਨੀ, ਭਰਮ ਬੁਲਬੁਲਾ,
ਕੂੜ, ਕੁਫ਼ਰ ਜੇ ਮਿਲਖ਼ ਜਾਗੀਰਾਂ, ਨਾ ਝੋਲੀ ਵਿੱਚ ਭਰਿਆ ਕਰ ਤੂੰ।

ਜੰਗਲ ਦੇ ਵਿੱਚ ਰਾਤ ਪਵੇ ਜੇ, ਦਿਨ ਵੀ ਚੜ੍ਹਦੈ ਓਸੇ ਥਾਂ ਤੇ,
ਬਿਰਖ਼ ਬਰੂਟੇ ਤੇਰੇ ਸੰਗ ਨੇ, ਐਵੇਂ ਹੀ ਨਾ ਡਰਿਆ ਕਰ ਤੂੰ।

ਇਹ ਉਪਦੇਸ਼ ਭੁਲਾਇਆ ਨਾ ਕਰ, ਸਭ ਦੀ ਸੁਣੀਏ, ਸਭ ਨੂੰ ਕਹੀਏ,
ਗੁੰਗਿਆ ਤੂੰ ਤੇ ਚੁੱਪ ਕਰ ਜਾਦੈਂ, ਸ਼ਬਦ ਹੁੰਗਾਰਾ ਭਰਿਆ ਕਰ ਤੂੰ।

ਜੇ ਦਰਿਆ ਵਿੱਚ ਪਾਣੀ ਚੜ੍ਹਿਆ, ਬੈਠਾ ਵੀ ਤਾਂ ਰੁੜ੍ਹ ਜਾਵੇਂਗਾ,
ਮਿੱਟੀ ਬਣ ਕੇ ਖ਼ੁਰ ਜਾਵੇਂਗਾ, ਪੈਰ ਅਗਾਂਹ ਨੂੰ ਧਰਿਆ ਕਰ ਤੂੰ।

ਮਰਦ ਕਹਾਵੇਂ, ਮਰਦਾ ਕਿਉਂ ਏਂ, ਹਰ ਮਸਲੇ ਦਾ ਹੱਲ ਹੁੰਦਾ ਹੈ,
ਤੇਰੇ ਸੰਗ ਇਤਿਹਾਸ ਖੜ੍ਹਾ ਹੈ, ਜਿੱਤਕੇ ਨਾ ਇੰਜ ਹਰਿਆ ਕਰ ਤੂੰ।

ਤੂੰ ਧਰਤੀ ਤੋਂ ਸਬਕ ਲਿਆ ਕਰ, ਇਹ ਵੀ ਤਾਂ ਡੋਲੇ ਤੇ ਸੰਭਲੇ,
ਜੇ ਘਿਰ ਜਾਵੇਂ 'ਕੱਲ੍ਹਾ ਕਿਧਰੇ, ਇਹ ਸਦਮੇ ਵੀ ਜਰਿਆ ਕਰ ਤੂੰ।

93