ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/95

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਜੋ ਆਖਿਐ, ਉਹ ਮੇਰਾ ਹੈ, ਇਸ ਗੱਲ ਤੋਂ ਇਨਕਾਰ ਨਹੀਂ।
ਤੂੰ ਜੋ ਸੁਣਿਐਂ, ਮੈਂ ਤਾਂ ਸੱਜਣਾ, ਉਸਦਾ ਜ਼ਿੰਮੇਵਾਰ ਨਹੀਂ।

ਹੋ ਸਕਦੈ ਤੂੰ ਪੱਥਰ ਹੋਵੇਂ, ਖ਼ੁਦ ਨੂੰ ਸਮਝ ਲਵੇਂ ਹੀਰਾ,
ਕੌਡੀ ਮੁੱਲ ਨਾ ਤੇਰਾ ਬੰਦਿਆ, ਜੇਕਰ ਰੂਹ ਤੇ ਭਾਰ ਨਹੀਂ।

ਲੰਘ ਜਾਵੇਂ ਕਰ ਪੌਣ ਸਵਾਰੀ, ਮਿਲਿਆ ਕਰ ਖ਼ੁਸ਼ਬੋਈ ਵਾਂਗ,
ਬਹੁਤ ਮਹੀਨ ਹੈ ਪਰਦਾ ਭਾਵੇਂ, ਵਿੱਚ ਕੋਈ ਦੀਵਾਰ ਨਹੀਂ।

ਗਰਜ਼ਾਂ ਖ਼ਾਤਰ,ਮੰਡੀ ਅੰਦਰ ਵਿਕਿਆ ਨਾ ਕਰ ਸੌਦੇ ਵਾਂਗ,
ਰੀਂਘਣ ਦੀ ਜੋ ਆਦਤ ਪਾ ਲਏ, ਬਣਦਾ ਕਦੇ ਉਡਾਰ ਨਹੀਂ।

ਬਿਨ ਹੱਡੀਆਂ ਤੋਂ ਕਾਹਦਾ ਬੰਦਾ, ਨਿਰਾ ਗੰਡੋਆ ਆਖ ਲਵੋ,
ਸ਼ਬਦ ਸਿਰਜਣਾ ਬਣਦੇ ਨਹੀਂਓ, ਜੇਕਰ ਸੋਚ ਵਿਚਾਰ ਨਹੀਂ।

ਝੋਰੇ ਝੁਰਦਾ ਖ਼ੁਰ ਚੱਲਿਆ ਹੈਂ, ਕੱਚੇ ਪਰਬਤ ਵਾਂਗ ਕਿਓਂ,
ਰਿੜ੍ਹਦਾ, ਰੁੜਦਾ, ਮੁੱਕ ਜਾਵੇਗਾ, ਇਸ ਤੋਂ ਵੱਡੀ ਹਾਰ ਨਹੀਂ।

ਖਿੱਲਰ ਪੁੱਲਰ ਚੱਲੇ ਪੰਛੀ, ਕਿਸ ਮੰਜ਼ਿਲ ਦੇ ਰਾਹੀ ਇਹ,
ਜੀਣ ਮਰਨ ਜੇ ਇੱਕ ਨਾ ਹੋਵੇ, ਕਹਿੰਦਾ ਕੋਈ ਡਾਰ ਨਹੀਂ।

95