ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/97

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਜਬਰ ਜ਼ੁਲਮ ਦੀ ਪੀਂਘ ਸਿਖ਼ਰ ਜਦ ਪਹੁੰਚੇ ਅੱਤਿਆਚਾਰਾਂ ਤੇ।
ਕਲਮਾਂ ਵਾਲਿਆ! ਉਸ ਪਲ ਸੂਈ ਧਰਿਆ ਕਰ ਸਰਕਾਰਾਂ ਤੇ।

ਸਬਰ ਸਿਦਕ, ਸੰਤੋਖ ਸਰੋਵਰ, ਜਦ ਕੰਢਿਆਂ ਤੋਂ ਭਰ ਜਾਵੇ,
ਤੁਰ ਪੈਂਦੇ ਨੇ ਲੋਕ ਉਦੋਂ ਹੀ, ਤਰਲਿਆਂ ਤੋਂ ਹਥਿਆਰਾਂ ਤੇ।

ਕੁੱਲੀ ਗੁੱਲੀ ਜੁੱਲੀ ਤੋਂ ਬਿਨ, ਗਿਆਨ-ਜੋਤ ਵੀ ਚਾਹੀਦੀ,
ਤਰਸ ਨਾ ਏਦਾਂ ਕਰਿਆ ਕਰ ਤੂੰ, ਪਿੰਜਰੇ ਪਾਏ ਸ਼ਿਕਾਰਾਂ ਤੇ।

ਨਬਜ਼ ਸਮੇਂ ਦੀ ਟੋਹਣੀ ਭੁੱਲ ਗਏ, ਵੈਦ ਹਕੀਮ ਸਿਆਣੇ ਸਭ,
ਬਲ਼ਦੇ ਅੱਖਰ ਤਾਹੀਉਂ ਡੁਸਕਣ, ਰੱਤ ਭਿੱਜੀਆਂ ਅਖ਼ਬਾਰਾਂ ਤੇ।

ਲਾਠੀ ਤੇ ਬੰਦੂਕ ਦੀ ਗੋਲ਼ੀ, ਜਦ ਕਿਧਰੇ ਵੀ ਫ਼ਰਕ ਕਰੇ,
ਨਿਕਲ ਪਵੇ ਕਿਰਪਾਨ ਮਿਆਨੋਂ, ਰੱਤ ਚਮਕੇ ਫਿਰ ਧਾਰਾਂ ਤੇ।

ਮਰਜ਼ਾਂ ਬਣ ਕੇ ਫ਼ਰਜ਼ ਖੜ੍ਹੇ ਨੇ ਹਸਪਤਾਲ ਦੇ ਬੂਹੇ ਤੇ,
ਰਹਿਮ ਹਕੁਮਤ ਇਹ ਕੀ ਕੀਤਾ ਕਮਜ਼ੋਰਾਂ ਲਾਚਾਰਾਂ ਤੇ।

ਵਕਤ ਹਿਸਾਬ ਬਰਾਬਰ ਰੱਖਦੈ, ਦੇਰ ਸਵੇਰ, ਹਨ੍ਹੇਰ ਨਹੀਂ,
ਪੜ੍ਹਿਆ ਕਰ ਤੂੰ ਇਹ ਵੀ ਸਤਰਾਂ, ਵਕਤ ਦੀਆਂ ਜੋ ਦੀਵਾਰਾਂ ਤੇ।

97