ਪੰਨਾ:ਸੁਰ ਤਾਲ - ਗੁਰਭਜਨ ਗਿੱਲ.pdf/98

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਿਸ ਦਰਵਾਜ਼ੇ ਦੀਪ ਧਰਾਂ ਮੈਂ, ਮਨ ਮਸਤਕ ਵਿਚ 'ਨ੍ਹੇਰ ਪਿਆ ਹੈ।
ਸਮਝ ਪਵੇ ਨਾ ਕਿੱਥੋਂ ਛੋਹਾਂ, ਕੰਮ ਤਾਂ ਹਾਲੇ ਢੇਰ ਪਿਆ ਹੈ।

ਮਨ ਦਾ ਮੈਲਾ ਸ਼ੀਸ਼ਾ ਕੀ ਮੈਂ, ਸਾਫ਼ ਕਰ ਲਿਆ, ਉਲਝ ਗਿਆ ਹਾਂ,
ਕਿੰਨਾ ਕੁਝ ਹੀ ਬੇ ਤਰਤੀਬਾ, ਰੂਹ ਦੇ ਚਾਰ ਚੁਫ਼ੇਰ ਪਿਆ ਹੈ।

ਹਰ ਵਾਰੀ ਦੀਵਾਲੀ ਦੀਵੇ, ਮਨੋਂ ਹਨ੍ਹੇਰ ਮਿਟਾਉਂਦੇ ਕਿਉਂ ਨਾ,
ਕਾਵਾਂ ਰੌਲੀ, ਝੁਰਮਟ ਕੈਸਾ, ਮੇਰੇ ਗ਼ਲ ਵਿਚ ਫੇਰ ਪਿਆ ਹੈ।

ਸੂਰਜ, ਚੰਨ, ਸਿਤਾਰੇ, ਦੀਵੇ, ਬਿਜਲੀ ਵਾਲੇ ਲਾਟੂ, ਜੁਗਨੂੰ,
ਸਭਨਾਂ ਦੇ ਪਿੱਛੇ ਹੱਥ ਧੋ ਕੇ, ਕਿਉਂ ਕਲ਼ਮੂੰਹਾਂ 'ਨ੍ਹੇਰ ਪਿਆ ਹੈ।

ਹਾਲੇ ਤੀਕ ਅਯੁੱਧਿਆ ਮਨ ਦੀ, ਯੁੱਧ ਤੋਂ ਮੁਕਤ ਕਿਉਂ ਨਾ ਹੋਈ,
ਇਸ ਦੇ ਅੰਦਰ ਮਸਜਿਦ ਮੰਦਿਰ, ਕਿਉਂ ਖ਼ਤਰੇ ਦਾ ਘੇਰ ਪਿਆ ਹੈ।

ਕੁਦਰਤ ਰਹਿਮਤ ਵੰਡਦੀ, ਭਰਦੀ ਸੱਖਣੀ ਝੋਲ ਅਜ਼ਲ ਤੋਂ ਭਾਵੇਂ,
ਬੇਹਿਮਤੇ ਨੂੰ ਕਿਹੜਾ ਦੱਸੇ, ਤੇਰੀ ਥਾਲ਼ੀ ਬੇਰ ਪਿਆ ਹੈ।

ਇੱਕੋ ਥਾਂ ਤੇ ਏਨੇ ਦੀਵੇ, ਜਗਣ ਨਿਰੰਤਰ, ਧਰਤੀ ਚਿਹਰਾ,
ਰੂਪ ਜਿਵੇਂ ਫੁਲਕਾਰੀ ਸਿਰ ਤੇ, ਸੱਜਰੀ ਸੁਰਖ਼ ਸਵੇਰ ਪਿਆ ਹੈ।

98