ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/108

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
102 / ਸੁੰਦਰੀ

ਰਹੀਆਂ ਸਨ। ਇਸ ਕੰਮ ਤੋਂ ਵਿਹਲਾ ਹੋ ਬਿਜਲਾ ਸਿੰਘ ਕਸੀਸ ਵੱਟ ਕੇ ਘੋੜੇ ਤੇ ਚੜ੍ਹ ਕੇ ਤੁਰ ਪਿਆ। ਸਿੰਘਣੀਆਂ ਬੀ ਆਪਣੇ ਘੋੜਿਆਂ ਪੁਰ ਸਵਾਰ ਹੋ ਕੇ ਆਪਣੇ ਭਰਾਵਾਂ ਦੇ ਦਲ ਦੇ ਮਗਰ ਮਗਰ ਚੱਲੀਆਂ। ਸੁੰਦਰੀ ਦਾ ਘੋੜਾ ਅੱਜ ਇਕ ਸੱਟ ਖਾਣ ਕਰਕੇ ਜ਼ਰਾ ਹਲਕਾ ਚਲਦਾ ਸੀ, ਪ੍ਰੰਤੂ ਫੇਰ ਵੀ ਆਪਣੇ ਸਵਾਰ ਨੂੰ ਲਈ ਗਿਆ, ਤਾਂ ਬੀ ਧਰਮ ਕੌਰ ਨਾਲੋਂ ਵਿੱਥ ਪੈ ਗਈ। ਦੌੜੀ ਜਾਂਦੀ ਨਜ਼ਰ ਇਕ ਟੋਏ ਵਿਚ ਪਈ, ਜਿਥੇ ਇਕ ਪਠਾਣ ਤੜਫਣੀ ਵਿਚ ਲੁੱਛ ਰਿਹਾ ਸੀ। ਘਾਵਾਂ ਨਾਲ ਲਹੂ ਲੁਹਾਨ ਸੀ, ਜਿੰਦ ਟੁੱਟ ਰਹੀ ਸੀ ਤੇ ਕੁਚਲੇ ਖਾਧੇ ਹੋਏ ਪੁਰਖ ਵਾਂਗੂੰ ਤੜਫਦਾ ਅਰ ਬਚਨ ਕਹਿੰਦਾ ਸੀ- ‘ਆਬ' ‘ਆਬ', ਬਰਾਏ ਖੁਦਾ ਆਬ' (ਪਾਣੀ ਪਾਣੀ)। ਸੁੰਦਰੀ ਦੇ ਸਿੰਘਣੀਆਂ ਵਾਲੇ ਦਇਆ ਨਾਲ ਪਰਪੂਰ ਹਿਰਦੇ ਵਿਚ ਤਰਸ ਆ ਗਿਆ। ਇਕ ਆਦਮੀ ਦੇ ਬੱਚੇ ਦੀ ਇਹ ਦੁਰਦਸ਼ਾ ਵੇਖਕੇ ਰਿਹਾ ਨਾ ਗਿਆ। ਭਾਵੇਂ ਆਪਣਾ ਦੁਖ ਬੀ ਵੇਖਦੀ ਸੀ, ਪਰ ਪਿਆਰੀ ਜਿੰਦ ਹੂਲ ਕੇ ਘੋੜੇ ਤੋਂ ਉਤਰੀ ਅਰ ਆਪਣੀ ਜਿਸਤੀ ਸੁਰਾਹੀ ਵਿਚੋਂ ਦੋ ਘੁੱਟ ਪਾਣੀ ਉਸ ਦੇ ਮੂੰਹ ਵਿਚ ਹੋਇਆ। ਪਾਣੀ ਕੀ ਸੀ? ਅੰਮ੍ਰਿਤ ਸੀ, ਪਠਾਣ ਵਿਚ ਜਿੰਦ ਪੈ ਗਈ, ਅੱਖਾਂ ਖੋਲ੍ਹਕੇ ਆਖਣ ਲਗ ਪਿਆ। ‘ਹਜ਼ਾਰ ਸ਼ੁਕਰਬੰਦ ਹੋਏ ਤੋਅਮ' ਏਹੋ ਜਿਹੀਆਂ ਫਾਰਸੀਆਂ ਮਾਰਨ ਲਗ ਪਿਆ। ਸੁੰਦਰੀ ਨੇ ਡਿੱਠਾ ਇਸ ਦੇ ਗੋਡੇ ਤੇ ਪੱਟ ਦੇ ਕੋਲ ਤਲਵਾਰ ਨੇ ਫੌਂਟ ਲਾਇਆ ਅਰ ਛਾਤੀ ਹੇਠ ਬੀ ਇਕ ਘਾਉ ਹੈ। ਉਸ ਦੀ ਪੱਗ ਪਾੜ ਕੇ ਉਸ ਦਾ ਲਹੂ ਪੂੰਝ ਕੇ ਫੱਟ ਬੰਨ੍ਹਣ ਲੱਗੀ। ਪਠਾਣ ਇਹ ਵੇਖਕੇ ਬੜਾ ਸ਼ੁਕਰ ਗੁਜ਼ਾਰ ਸੀ। ਖੁਸ਼ੀ ਵਿਚ ਆ ਕੇ ਪੁਛਣ ਲੱਗਾ, ‘ਮੁਸਲਮਾਨ ਹਸਤੀ? ਮੋਮਨ ਹਸਤੀ ? ਮੁਸਲਮਾਨੀ? ਬੁਗੋ ਕੁਦਾਮ ਕਸ ਹਸਤੀ? ਮੁਸਲਮਾਨੀ ? ਦੀਗਰ ਕਸ ਚੂਨਾਂ ਖੈਰ ਮੈਂ ਕੁਨਦ ? ਅਜ਼ ਕਾਫਰਾਂ ਕਾਰੇ ਨੇਕੀ, ਮੁਮਕਿਨ ਨੇਸਤ। ਅਰਥਾਤ-ਤੂੰ ਕੌਣ ਹੈਂ, ਮੁਸਲਮਾਨੀ ਹੈ? ਕਾਫਰ ਤਾਂ ਨਹੀਂ ਹੋ ਸਕਦੀ, ਕਾਫਰਾਂ ਤੋਂ ਨੇਕੀ ਕਿਥੇ? ਇਹ ਮੁਸਲਮਾਲੀ ਹੋਊ। ਸੁੰਦਰੀ ਹੋਰ ਤਾਂ ਨਾ ਸਮਝੀ, ਪਰ ਇਹ ਸਮਝੀ ਕਿ ਇਹ ਪੁਛਦਾ ਹੈ ਤੂੰ ਕੌਣ ਹੈਂ ਸੁਤੇ ਹੀ ਉਸਦਾ ਸਿਰ ਹਿਲ ਗਿਆ ਅਰ 'ਸਿੰਘਣੀ' ਮੂੰਹੋਂ ਨਿਕਲ ਗਿਆ। ਅਸਲ ਵਿਚ ਸੁੰਦਰੀ ਦਾ ਦਿਲ ਆਪਣੇ ਜਥੇ ਤੋਂ ਦੂਰ ਰਹਿ ਜਾਣ ਦੇ ਫਿਕਰ ਵਿਚ