ਪੰਨਾ:ਸੁੰਦਰੀ.pdf/12

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

6 /ਸੁੰਦਰੀ

ਹੋਇਆ, ਸਿਰ ਪੁਰ ਸੁਰਮਈ ਦਸਤਾਰਾ, ਚਿਹਰੇ ਦਾ ਭਰਵਾਂ ਸਿੰਘ ਬਹਾਦਰ, ਜਿਸਨੂੰ ਦੇਖਕੇ ਸਿੱਕ ਭੁਖ ਲਹਿ ਜਾਵੇ) ਆ ਨਿਕਲਿਆ। ਸਭਨਾਂ ਦੀਆਂ ਨਜ਼ਰਾਂ ਉਧਰ ਉਠ ਗਈਆਂ, ਹੋਰ ਤਾਂ ਕੋਈ ਨਾ ਪਛਾਣ ਸਕਿਆ, ਪਰ ਸੁਰੱਸਤੀ ਦੀ ਮਾਂ ਨੇ (ਜੋ ਤੀਵੀਆਂ ਵਿਚ ਬੈਠੀ ਸੀ) ਤੁਰਤ ਪਛਾਣ ਲਿਆ ਕਿ ਇਹ ਮੇਰਾ ਉਹ ਪੁਤ੍ਰ ਹੈ, ਜੋ ਸਿੱਖਾਂ ਦੀ ਸੰਗਤ ਕਰਕੇ ਵਿਗੜ ਗਿਆ ਸੀ* ਅਰ ਸਿੱਖ ਬਣਕੇ ਜਿਉਂ ਘਰੋਂ ਨਿਕਲਿਆ ਫੇਰ ਅੱਜ ਤੀਕ ਇਸ ਦੀ ਕੁਝ ਉੱਘ ਮੋਹਰ ਨਹੀਂ ਨਿਕਲੀ ਸੀ। ਪੁਤ੍ਰ ਨੂੰ ਦੇਖ ਕੇ ਮਾਂ ਦੀਆਂ ਆਂਦਰਾਂ ਨੂੰ ਮੋਹ ਫੁਰ ਪਿਆ ਅਰ ਉੱਠਕੇ ਪੁਤ੍ਰ ਦੇ ਗਲ ਆ ਲੱਗੀ ਜੋ ਘੋੜੇ ਤੋਂ ਹੁਣ ਉਤਰ ਕੇ ਖਲੋਤਾ ਸੀ। ਇਹ ਵੇਖ ਕੇ ਪਿਉ ਭਰਾ ਨੇ ਵੀ ਪਛਾਣਿਆ ਅਰ ਮਿਲਣ ਦੌੜੇ, ਪਰ ਅਫ਼ਸੋਸ ਇੰਨੇ ਚਿਰ ਦੇ ਵਿਛੋੜੇ ਪਿਛੋਂ ਪਿਆਰ ਤੇ ਦਰਦ ਦੀਆਂ ਗੱਲਾਂ ਦੀ ਥਾਂ ਪਹਿਲੇ ਦੁਖਿਆਰੀ ਸੁਰੱਸਤੀ ਦੀ ਕਹਾਣੀ ਸਿੰਘ ਬਹਾਦਰ ਨੂੰ ਸੁਣਾਈ ਗਈ।

ਇਹ ਖ਼ਬਰ ਸਿੰਘ ਦੇ ਕੰਨਾਂ ਵਿਚ ਅਜਿਹੀ ਪਈ ਕਿ ਸਾਰਾ ਲਹੂ ਚਿਹਰੇ ਨੂੰ ਚੜ੍ਹ ਆਇਆ ਅਰ ਸੂਹੀਆਂ ਅੱਖਾਂ ਕਰਕੇ ਦੰਦੀਆਂ ਕ੍ਰੀਚਣ ਲੱਗ ਪਿਆ। ਧਰਮ ਦੇ ਜੋਸ਼ ਨੇ ਅੰਗ ਅੰਗ ਹਿੱਲਾ ਦਿੱਤਾ ਫਿਰ ਪਤਾ ਪੁੱਛਿਓ ਸੁ ਕਿ ਮੁਗ਼ਲ ਦਾ ਡੇਰਾ ਕਿੱਥੇ ਕੁ ਹੈ? ਪਤਾ ਸੁਣ ਕੇ ਝੱਟ ਘੋੜੇ ਤੇ ਪਲਾਕੀ ਮਾਰ, ਔਹ ਗਿਆ! ਔਹ ਗਿਆ!! ਹੋ ਗਿਆ। ਮਾਂ ਪਿਉ ਭਾਵੇਂ ਬਥੇਰੇ ਵਾਸਤੇ ਪਾ ਰਹੇ ਕਿ ਨਾ ਜਾਹ, ਐਵੇਂ ਜਾਨ ਗੁਆ ਆਵੇਂਗਾ, ਕਿਉਂਕਿ

—————

  • ਇਸ ਸਮੇਂ ਕਿਸੇ ਟੱਬਰ ਵਿਚੋਂ ਜਦੋਂ ਕੋਈ ਸਿਖ ਹੋ ਜਾਂਦਾ ਤਾਂ ਮਾਪੇ ਮੌਤ ਤੋਂ ਵਧੀਕ ਦੁਖ ਮੰਨਦੇ ਅਰ ਅਕਸਰ ਪੁਤ੍ਰ ਨੂੰ ਤਿਆਗ ਦੇਂਦੇ। ਜਦ ਕਦੇ ਕੋਈ ਪੁੱਛੇ ਤੇਰੇ ਕਿਨੇ ਪੁੱਤ੍ਰ ਹਨ ਤਾਂ ਲੋਕੀ ਐਉਂ ਉੱਤਰ ਦੇਂਦੇ ਪੰਜ ਹੋਏ ਸਨ, ਇਕ ਮਰ ਗਿਆ, ਇਕ ਸਿਖੀ ਜਾ ਰਲਿਆ, ਤਿਨੇ ਸਾਂਈਂ ਦੇ ਦਿਤੇ ਜੀਉਂਦੇ ਹੈਨ। ਇਹ ਪੁਰਖ ਭੀ ਪਹਿਲੇ ਮਾਪਿਆਂ ਤੋਂ ਚੋਰੀ ਸਿੱਖਾਂ ਨੂੰ ਮਿਲਦਾ ਹੁੰਦਾ ਸੀ, ਜਪੁਜੀ, ਰਹਿਰਾਸ ਬਾਣੀਆਂ ਕੰਨ ਕਰਕੇ ਭੈਣ ਨੂੰ ਪਾਨ ਤੇ ਧਰਮ ਦੀਆਂ ਗੱਲਾਂ ਸਿਖਾਲਦਾ ਹੁੰਦਾ ਸੀ, ਪਰ ਸ਼ਰਧਾ ਬਹੁਤ ਵਧੀ ਤਾਂ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ। ਤਦ ਇਹ ਦੇਖ ਕੇ ਪਿਤਾ ਸ਼ਾਮੇਂ ਨੇ ਘਰੋਂ ਕੱਢ ਦਿੱਤਾ ਤਾਂ ਇਹ ਸਿੰਘ ਬਹਾਦਰ ਖਾਲਸੇ ਦੇ ਦਲਾਂ ਵਿਚ ਜਾ ਰਲਿਆ।

Page 12

www.sikhbookclub.com