ਪੰਨਾ:ਸੁੰਦਰੀ.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /9

ਕੀਤੀ ਤਾਂ ਦੂਰ ਸਾਰੇ ਇਕ ਰੁੱਖ ਨਾਲ ਬੱਧੇ ਦੋ ਘੋੜੇ ਮਿਲ ਗਏ, ਜੋ ਸਿੰਘਾਂ ਦੇ ਰਹਿ ਗਏ ਸਨ। ਹੁਣ ਇਕ ਸਰਸਰੀ ਗੁਰਮਤ ਹੋਇਆ ਕਿ ਇਕ ਘੋੜਾ ਸੁਰੱਸਤੀ ਨੂੰ ਦੇਈਏ ਤੇ ਇਕ ਦੂਜੇ ਸਿੰਘ ਨੂੰ ਅਰ ਘਾਇਲ ਨੂੰ ਬਲਵੰਤ ਸਿੰਘ ਨਾਲ ਪਾ ਲਵੇ ਤੇ ਰਾਤੋ ਰਾਤ ਭੀੜੀ ਜੂਹ ਵਿਚ ਚਲ ਵੜੀਏ।

ਇਹ ਸਲਾਹ ਗਿਣ ਕੇ ਭੈਣ ਨੂੰ ਘੋੜੇ ਤੇ ਸਵਾਰ ਕਰਾ ਕੂਚ ਦੀ ਤਿਆਰੀ ਕੀਤੀ। ਸੁਰੱਸਤੀ ਇਸ ਭਰਾ ਕੋਲੋਂ ਸਿਖ ਧਰਮ ਦੀਆਂ ਗੱਲਾਂ ਸੁਣ ਸੁਣ ਕੇ ਪੱਕੀ ਵਿਸ਼ਵਾਸਨ ਹੋ ਗਈ ਹੋਈ ਸੀ। ਮਾਪਿਆਂ ਤੋਂ ਚੋਰੀ ਪਾਠ ਭੀ ਕਰਦੀ ਹੁੰਦੀ ਸੀ ਤੇ ਇਉਂ ਅੰਦਰਲੀ ਭਾਉਣੀ ਪੱਕੀ ਹੋ ਗਈ ਸੀ। ਨਿਸਚਾ ਇਕ ਅਸਚਰਜ ਤਾਕਤ ਹੈ, ਜਦ ਕਿਸੇ ਗੱਲ ਪਰ ਬਝ ਜਾਏ ਤਾਂ ਪਰਬਤ ਵਾਂਗ ਅਚੱਲ ਹੋ ਜਾਂਦਾ ਹੈ, ਸੋ ਇਹ ਅਠਾਰਾਂ ਵਰ੍ਹੇ ਦੀ ਅਨ ਮੁਕਲਾਈ ਕੰਨਿਆ ਡਾਢੀ ਧਰਮੀ ਹੋ ਗਈ ਸੀ, ਇਹੋ ਕਾਰਣ ਸੀ ਕਿ ਮੁਗ਼ਲ ਨੂੰ ਤ੍ਰੇਹ ਦੇ ਧੋਖੇ ਪਾਣੀ ਲੈਣ ਘੱਲ ਕੇ ਸੁਰੱਸਤੀ ਨੇ ਝੱਟ ਹੀ ਇਕ ਲੱਕੜਾਂ ਦੇ ਢੇਰ ਪੁਰ (ਜੋ ਬਾਵਰਚੀ ਖਾਨੇ ਦੇ ਅੱਗੇ ਪਈਆਂ ਸਨ) ਪੱਛੀਆਂ ਨਾਲ ਇਕ ਪਾਸਿਉਂ ਅੱਗ ਲਾਈ ਅਤੇ ਜਪੁਜੀ ਦਾ ਪਾਠ ਕਰਦੀ ਹੋਈ ਉਤੇ ਬੈਠ ਗਈ, ਜਦੋਂ ਕਿ ਉਸ ਦੇ ਬਹਾਦਰ ਵੀਰ ਨੇ ਉਸ ਨੂੰ ਆ ਬਚਾਇਆ। ਫੇਰ ਜਦੋਂ ਘਰਦਿਆਂ ਨੇ ਤ੍ਰਾਹ ਦਿੱਤੀ, ਤਦ ਭੀ ਕੰਨਯਾ ਦਾ ਨਿਸ਼ਚਾ ਨਾ ਫਿਰਿਆ ਅਰ ਗੁਰੂ ਗੋਬਿੰਦ ਸਿੰਘ ਜੀ ਦੇ ਕਸ਼ਟਾਂ ਨੂੰ ਚੇਤੇ ਕਰਦੀ ਭਰਾ ਦੇ ਨਾਲ ਚਲੀ ਗਈ। ਜਦ ਉਸ ਮੈਦਾਨ ਵਿਚ ਅੱਪੜੀ, ਜਿਥੇ ਹੁਣੇ ਹੀ ਸਿੱਖਾਂ ਤੇ ਤੁਰਕਾਂ ਦੀ ਇਕ ਛੋਟੀ ਜਿਹੀ ਲੜਾਈ ਹੋ ਕੇ ਹਟੀ ਸੀ ਅਰ ਘਾਇਲ ਸਿੱਖ ਦੇਖੇ ਸੇ; ਤਾਂ ਕੰਨਯਾ ਦਾ ਦਿਲ ਜੋਸ਼ ਨਾਲ ਉਛਲ ਪਿਆ ਕਿ ਅਜੇਹੇ ਬਹਾਦਰਾਂ ਦੀ ਸੇਵਾ ਕਰਨ ਨਾਲੋਂ; ਜੋ ਧਰਮ ਰੱਖਯਾ ਲਈ ਇਸ ਤਰ੍ਹਾਂ ਜਾਨਾਂ

—————

੧. ਪਿੰਡ ਦੀਆਂ ਕੁੜੀਆਂ ਘੋੜੇ ਤੇ ਚੜ੍ਹਨ ਦੀਆਂ ਜਾਣੂੰ ਹੁੰਦੀਆਂ ਹਨ।

੨. ਮੁਗ਼ਲ ਦੇ ਸਾਥੀ ਅਜੇ ਆਏ ਨਹੀਂ ਸਨ, ਨੌਕਰ ਵੀ ਨਹੀਂ ਮੁੜੇ ਸਨ, ਡੇਰੇ ਵਿਚ ਪਾਣੀ ਮੁੱਕ ਚੁਕਾ ਹੋਇਆ ਸੀ, ਸੋ ਸੁਰੱਸਤੀ ਦੀ ਸੁੰਦਰਤਾਂ ਵਿਚ ਮਸਤ ਹਾਕਮ ਆਪ ਪਾਣੀ ਲੈਣ ਚਲਾ ਗਿਆ ਸੀ, ਪਾਣੀ ਦੁਰਾਡੇ ਸੀ, ਐਉਂ ਸੁਰੱਸਤੀ ਨੂੰ ਚਿਖਾ ਦਾ ਸਮਾਂ ਲੱਝ ਗਿਆ ਸੀ। ਇਹ ਅਸਲ ਵਿਚ ਮੁਗ਼ਲ ਨਹੀਂ ਸੀ, ਪਰ ਹੁਕਮ ਹਾਸਲ ਉਹਨਾਂ ਵਰਗਾ ਸੀ ਤੇ ਆਮ ਪਰਜਾ ਮੁਗ਼ਲ ਹੀ ਸਮਝਦੀ ਸੀ।

Page 15

www.sikhbookclub.com