ਪੰਨਾ:ਸੁੰਦਰੀ.pdf/17

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /11

੨. ਕਾਂਡ

ਭੀੜੀ ਜੂਹ ਦੇ ਵਿਚਕਾਰ ਸਿੱਖਾਂ ਨੇ ਬ੍ਰਿਛ ਬੂਟੇ ਕੱਟਕੇ ਇਕ ਖੁਲ੍ਹਾ ਮੈਦਾਨ ਬਣਾਇਆ ਹੋਇਆ ਸੀ ਅਰ ਇਸ ਤਰ੍ਹਾਂ ਦੇ ਥਾਂਉਂ ਪੰਜਾਬ ਦੇ ਬਨਾਂ ਵਿਚ ਅਨੇਕਾਂ ਸਨ; ਜਿਥੇ ਸਿੱਖ ਲੋਕ ਭੀੜ ਬਣੀ ਪੁਰ ਜਾ ਲੁਕਦੇ ਸਨ। ਬਨਾਂ ਦੇ ਪੱਤੇ ਪੱਤੇ ਦੀ ਉਨ੍ਹਾਂ ਨੂੰ ਖ਼ਬਰ ਸੀ; ਪਰ ਵੈਰੀਆਂ ਲਈ ਉਨ੍ਹਾਂ ਸੰਘਣੇ ਬਨਾਂ ਨੂੰ ਝਾਗਣਾ ਇਕ ਕਠਨ ਤੇ ਅਨਹੋਣਾ ਕੰਮ ਹੋਇਆ ਕਰਦਾ ਸੀ। ਇਥੇ ਅਸੀਂ ਭੀੜੀ ਜੂਹ ਦੇ ਇਕ ਸਮਾਗਮ ਦਾ ਵਰਣਨ ਕਰਦੇ ਹਾਂ। ਇਕ ਦਿਨ ਲੌਢੇ ਵੇਲੇ ਭੀੜੀ ਜੂਹ ਵਿਚ ਦੀਵਾਨ ਲੱਗਾ ਹੋਇਆ ਸੀ; ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਅਰ ਪੰਜ ਕੁ ਸਿੰਘ ਬੈਠੇ ਸ਼ਬਦ ਗਾਉਂ ਰਹੇ ਸਨ। ਇਸ ਜਥੇ ਦਾ ਸਰਦਾਰ ਸ਼ਾਮ ਸਿੰਘ ਸੀ; ਜੋ ਦੇਉ ਵਰਗੀ ਡੀਲ ਤੇ ਸੇਉ ਵਰਗੇ ਲਾਲ ਚਿਹਰੇ ਨਾਲ ਇਕ ਭਰਵਾਂ ਤੇ ਸੁਹਣਾ ਜੁਆਨ ਦਿਖਾਈ ਦੇਂਦਾ ਸੀ। ਪਾਠ ਸਮਾਪਤ ਹੋਣ ਮਗਰੋਂ ਬੋਲਿਆ: ਭਾਈ ਖਾਲਸਾ ਜੀ! ਕਿਸੇ ਨੂੰ ਬਲਵੰਤ ਸਿੰਘ ਦਾ ਪਤਾ ਹੈ? ਸਭ ਨੇ ਸਿਰ ਹਿਲਾਇਆ ਕਿ ਨਹੀਂ; ਉਹ ਤਾਂ ਜਦੋਂ ਦਾ ਆਪਣੇ ਪਿੰਡ ਗਿਆ ਹੈ ਮੁੜਕੇ ਨਹੀਂ ਆਇਆ; ਖਬਰੇ ਘਰ ਦੇ ਸੁਖਾਂ ਵਿਚ ਪੈ ਗਿਆ ਹੈ?

ਸ਼ਾਮ ਸਿੰਘ ਬੋਲਿਆ - ਇਹ ਗੱਲ ਅਨਹੋਣੀ ਹੈ; ਬਲਵੰਤ ਸਿੰਘ ਕੀ ਆਖ ਤੇ ਸੁਖ ਕੀ ਆਖ; ਉਸਨੂੰ ਜ਼ਰੂਰ ਕੋਈ ਅਪਦਾ ਪਈ ਹੈ; ਨਹੀਂ ਤਾਂ ਉਹ ਬਹਾਦਰ ਅਟਕਣ ਵਾਲਾ ਨਹੀਂ ਸੀ। ਕੋਲੋਂ ਰਾਠੌਰ ਸਿੰਘ ਬੋਲਿਆ: ਮਹਾਰਾਜ! ਕਿਸੇ ਨੂੰ ਉਸ ਦੇ ਪਿੰਡ ਘੱਲਿਆ ਜਾਵੇ, ਜੋ ਉਸਦੀ ਸਾਰ ਲਿਆਵੇ। ਇਕ ਸਿੰਘ ਬੋਲਿਆ: ਮੈਨੂੰ ਆਗਯਾ ਹੋਵੇ ਤਾਂ ਹੁਣੇ ਖ਼ਬਰ ਲੈਣ ਤੁਰ ਜਾਂਦਾ ਹਾਂ। ਸਰਦਾਰ ਨੇ ਕਿਹਾ-ਜਾਹ ਬਈ ਖਬਰ ਲਿਆ, ਪਰ ਝਬਦੇ ਮੁੜੀਂ, ਅਰ ਵੇਸ ਵਟਾ ਲੈ; ਮੁਗ਼ਲ ਬਣ ਕੇ ਜਾਹ, ਸਿੱਖੀ ਬਾਣੇ ਵਿਚ ਗਿਉਂ

Page 17

www.sikhbookclub.com