ਪੰਨਾ:ਸੁੰਦਰੀ.pdf/18

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
12/ ਸੁੰਦਰੀ

ਤਾਂ ਮਤਾਂ ਕਿਤੇ ਫਸ ਨਾ ਜਾਵੇਂ ਅਤੇ ਹੋਰ ਵੀ ਸੂੰਹ ਲਿਆਵੀਂ ਜੋ ਖਾਲਸਾ ਅਜ ਕਲ ਕਿਸ ਦਿਸ਼ਾ ਵਿਚ ਹੈ? ਲਾਹੌਰ ਵੱਲੋਂ ਕੁਝ ਭੈੜੀਆਂ ਕਨਸੋਆਂ ਆਉਂਦੀਆਂ ਹਨ।

ਇਹ ਵਾਕ ਸੁਣ ਉਹ ਸਿੰਘ, ਜਿਸਦਾ ਨਾਉਂ ਹਰੀ ਸਿੰਘ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਕੇ ਉਠਿਆ, ਡੇਰੇ ਵਿਚੋਂ ਮੁਗਲਈ ਕਪੜੇ ਲੈ ਪਹਿਨੇ ਤੇ ਘੋੜੇ ਉਤੇ ਅਸਵਾਰ ਹੋ ਤੁਰ ਪਿਆ। ਇਹ ਵੇਲਾ ਸੂਰਜ ਆਥਣ ਦਾ ਸੀ ਅਰ ਸੰਝ ਤੁਰੀ ਆਉਂਦੀ ਸੀ; ਪਰ ਬਹਾਦਰ ਸਿੰਘ ਡਰਿਆ ਨਹੀਂ, ਧਰਮ ਦੇ ਕੰਮ ਨੂੰ ਨਿਰਭੈ ਸ਼ੇਰ ਵਾਂਙੂ ਤੁਰ ਪਿਆ। ਕੁਛ ਦੂਰ ਜਾ ਕੇ ਜੰਗਲ ਸੰਘਣਾ ਆ ਗਿਆ, ਘੋੜੇ ਤੋਂ ਉਤਰ ਕੇ ਲਗਾਮ ਫੜ, ਕਈ ਚੱਕਰ ਫੇਰ ਖਾਂਦਾ, ਕਿਧਰੇ ਟਾਹਣੀਆਂ ਵਿਚ ਫਸਦਾ, ਕਿਧਰੇ ਨਿਕਲਦਾ, ਵੱਡੇ ਔਖ ਨਾਲ ਜੰਗਲ ਪਾਰ ਹੋ ਗਿਆ। ਘੁਸਮੁਸਾ ਵੇਲਾ ਸੀ ਘੋੜੇ ਤੇ ਪਲਾਕੀ ਮਾਰ ਪਲੋਪਲੀ ਵਿਚ ਇਕ ਨਿੱਕੇ ਪਿੰਡ ਅੱਪੜਿਆ ਅਰ ਇਕ ਪੁਰਾਣੀ ਟੁੱਟੀ-ਖੁਥੀ ਸਰਾਂ ਵਿਚ ਜਾ ਵੜਿਆ। ਇਥੇ ਇਕ ਮੁਸਲਮਾਨ ਤੰਦੂਰ ਵਾਲਾ ਤੇ ਇਕ ਬਾਣੀਆਂ ਹੱਟੀਵਾਣ ਰਹਿੰਦੇ ਸਨ, ਮੁਗ਼ਲ ਦੀ ਸ਼ਕਲ ਵੇਖ ਕੇ ਅਦਬ ਨਾਲ ਉਠ ਖਲੋਤੇ ਅਰ ਮੰਜੀ ਦੇਕੇ ਘੋੜੇ ਨੂੰ ਚਾਰਾ ਆਦਿ ਲਿਆ ਦਿੱਤਾ, ਪਰ ਰੋਟੀ ਵਲੋਂ ਉਸ ਨੇ ਨਾਂਹ ਕੀਤੀ ਕਿ ਮੈਨੂੰ ਲੋੜ ਨਹੀਂ। ਘੋੜੇ ਨੂੰ ਮੰਜੇ ਨਾਲ ਬੰਨ੍ਹ ਕੇ ਖ਼ਾਲਸਾ ਜੀ ਚੁਤੱਹੀ ਮੰਜੇ ਪਰ ਵਿਛਾ ਕੇ ਸੌਂ ਗਏ, ਦੋ ਕੁ ਘੰਟੇ ਮਗਰੋਂ ਇਕ ਰੌਲਾ ਜਿਹਾ ਪੈ ਗਿਆ। ਸਿੰਘ ਨੇ ਸਿਰ ਚੁੱਕ ਕੇ ਕੀ ਡਿੱਠਾ ਕਿ ਕਿਸੇ ਸਰਦਾਰ ਅਮੀਰ ਦੀ ਆਉਂਦਣ ਹੈ, ਨੌਕਰ ਚਾਕਰ ਨਾਲ ਹਨ। ਢੇਰ ਚਿਰ ਉੱਧੜਧੁੰਮੀ ਮਚਾ ਕੇ ਉਨ੍ਹਾਂ ਨੇ ਡੇਰਾ ਕੀਤਾ। ਅਮੀਰ ਤਾਂ ਸੌਂ ਗਿਆ। ਪਰ ਨੌਕਰ ਚਾਕਰ ਕੁਝ ਸੌਂ ਗਏ ਤੇ ਕੁਛ ਲੰਮੇ ਪਏ ਗਲੀਂ ਜੁੱਟ ਪਏ। ਦੋ ਸਿਪਾਹੀ ਸਾਡੇ ਸਿੰਘ ਦੇ ਨੇੜੇ ਪਏ ਗੱਲਾਂ ਕਰ ਰਹੇ ਸਨ, ਸਿੰਘ ਜੀ ਮਚਲੇ ਹੋ ਕੇ ਸੁਣਦੇ ਰਹੇ।

ਪਹਿਲਾ ਸਿਪਾਹੀ ਬੋਲਿਆ— ਬਈ ਇਹ 'ਬਲਵੰਤ' ਕੌਣ ਹੈ?

ਦੂਜਾ ਸਿਪਾਹੀ— ਇਹ ਉਹ ਕਾਫ਼ਰ ਹੈ ਨਾ ਕਿ ਜੋ ਨਾਦਰ ਦੇ ਮਗਰ ਹੱਲੇ ਕਰਨ ਵਾਲੇ ਸਿੱਖਾਂ ਵਿਚ ਇਕ ਵੱਡਾ ਦਲੇਰ ਆਦਮੀ ਸੁਣਿਆ ਗਿਆ ਸੀ, ਜਿਸ ਨੇ ਪਹਿਲੇ ਜੰਗ ਵਿਚ ਰੁਸਤਮ ਖ਼ਾਂ ਨੂੰ ਮਾਰਿਆ ਸੀ।

Page 18

www.sikhbookclub.com