ਸਮੱਗਰੀ 'ਤੇ ਜਾਓ

ਪੰਨਾ:ਸੁੰਦਰੀ.pdf/22

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
16/ ਸੁੰਦਰੀ

੩. ਕਾਂਡ

ਸੂਰਜ ਦੇਉਤਾ ਬੱਦਲਾਂ ਵਿਚ ਲੁਕੇ ਹੋਏ ਹਨ, ਬੱਦਲਾਂ ਦੇ ਦਲਾਂ ਦੇ ਦਲ ਬੇਮੁਹਾਰੀ ਫੌਜ ਵਾਂਗ ਅਸਮਾਨ ਉਤੇ ਫਿਰ ਰਹੇ ਹਨ। ਪੌਣ ਦੀ ਚਾਲ ਬੀ ਅਸਚਰਜ ਹੈ। ਕਿਸੇ ਵੇਲੇ ਭੜਥੂ ਪਾਉਂਦੀ, ਘੱਟਾ ਉਡਾਉਂਦੀ, ਜ਼ੋਰ ਦੀ ਵੱਗਦੀ ਹੈ, ਕਿਸੇ ਵੇਲੇ ਚੁਪਾਤੀ ਹੋ ਸਹਿਜੇ ਸਹਿਜੇ ਰੁਮਕਣ ਲੱਗ ਜਾਂਦੀ ਹੈ। ਮੁਗ਼ਲ ਲੋਰਾ ਸ਼ਰਈ ਤੰਬੇ ਪਹਿਨੀ ਹਰਲ ਹਰਲ ਕਰਦੇ ਫਿਰ ਰਹੇ ਹਨ। ਨਿਮਾਣੇ ਹੱਟੀਆਂ ਵਾਲੇ ਸੁਸਤ ਤੇ ਉਦਾਸ ਬੈਠੇ ਦਿੱਸਦੇ ਹਨ। ਵੱਡੀ ਮਸੀਤ ਵਿਚ ਅਚਰਜ ਹਾਲ ਹੈ। ਟੋਲੀਆਂ ਦੀਆਂ ਟੋਲੀਆਂ ਕੱਠੀਆਂ ਆਉਂਦੀਆਂ ਤੇ ਬਹਿੰਦੀਆਂ ਜਾਂਦੀਆਂ ਹਨ। ਮਸੀਤ ਦੇ ਬਾਹਰ ਹੱਟਾਂ ਦੇ ਅੱਗੇ ਦੋਹੀਂ ਪਾਸੀਂ ਕੁਝ ਕੁ ਫੌਜੀ ਸਿਪਾਹੀ ਸ਼ਸਤ੍ਰਧਾਰੀ ਸਨੱਧਬੱਧ ਖੜੇ ਹਨ।

ਔਹ ਸਾਹਮਣੇ ਪਾਸੇ ਵਲੋਂ ਕੀ ਆਇਆ? ਇਹ ਇਕ ਪਾਲਕੀ ਦੀ ਅਸਵਾਰੀ ਹੈ ਜੋ ਚਾਰ ਵਗਾਰੀ ਫੜੇ ਹੋਏ ਬ੍ਰਾਹਮਣਾਂ ਦੇ ਮੋਢਿਆਂ ਉਤੇ ਧਰੀ ਹੈ। ਇਸ ਵਿਚ ਇਕ ਵੱਡੇ ਮੁੱਲਾਂ ਜੀ ਬਿਰਾਜਮਾਨ ਹਨ ਜੋ ਅਜ ਦੇ ਦਿਨ ਲਈ ਉਚੇਚੇ ਸੱਦੇ ਗਏ ਹਨ। ਮਸੀਤ ਦੇ ਬੂਹੇ ਅੱਗੇ ਆ ਕੇ ਮੁੱਲਾਂ ਜੀ ਉਤਰੇ ਤੇ ਅੰਦਰ ਵੜੇ। ਸਭ ਨੇ ਅਦਬ ਨਾਲ ਅੱਗੇ ਬਿਠਾਇਆ। ਇੰਨੇ ਨੂੰ ਪੰਜ ਸੱਤ ਘੋੜੇ ਭਜਾਉਂਦੇ ਆਏ, ਮਗਰੋਂ ਨਵਾਬ ਸਾਹਿਬ ਦੀ ਅਸਵਾਰੀ ਪਹੁੰਚੀ। ਭਲਾ ਹੁਣ ਕੌਣ ਕੌਣ ਆਏ? ਇਕ ਪਾਲਕੀ ਬੰਦ ਹੈ, ਨਾਲ ਇਕ ਪੁਰਖ ਹੱਥਕੜੀ ਵੱਜੀ ਤੁਰਿਆ ਆਉਂਦਾ ਹੈ। ਤੇੜ ਮੈਲੀ ਕੱਛ ਹੈ, ਗਲ ਚਿੱਕੜ ਵਰਗਾ ਕੁੜਤਾ, ਸਿਰ ਉਤੇ ਨਿੱਕੀ ਪੱਗ, ਜਿਸ ਵਿਚੋਂ ਕੇਸ ਖਿਲਰੇ ਹੋਏ ਹਨ। ਚਿਹਰਾ ਚਿੰਤਾ ਦਾ ਸ਼ਿਕਾਰ ਹੈ, ਪਰ ਅੱਖਾਂ ਲਾਲ ਹਨ, ਜਿਨ੍ਹਾਂ ਵਿਚੋਂ ਕ੍ਰੋਧ ਦੇ ਬਾਣ ਨਿਕਲ ਰਹੇ ਹਨ।

Page 22

www.sikhbookclub.com