ਪੰਨਾ:ਸੁੰਦਰੀ.pdf/27

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ/ 21

ਬਲਵੰਤ ਸਿੰਘ ਨੂੰ ਬਚਾਉਣਾ ਖਰਾ ਕਠਨ ਹੋ ਗਿਆ ਹੈ, ਪਰ ਧੰਨ ਗੁਰੂ ਜੀ ਹਨ, ਉਹਨਾਂ ਨੇ ਤੁਹਾਡਾ ਦੋਹਾਂ ਦਾ ਧਰਮ ਕੈਮ ਰੱਖਣਾ ਸੀ, ਸੂਰਜ ਚੜ੍ਹੇ ਅਸੀਂ ਅਜਿਹੇ ਥਾਂ ਨਿਕਲੇ ਜਿਥੋਂ ਪਤਾ ਕੱਢਣ ਤੋਂ ਮਲੂਮ ਹੋਇਆ ਕਿ ਸ਼ਹਿਰ ਇਥੋਂ ਨਿਰਾ ਪੰਜ ਛੀ ਕੋਹ ਹੈ। ਖ਼ਬਰੇ ਇਸ ਵਿਚ ਗੁਰੂ ਜੀ ਨੇ ਭਲਾ ਹੀ ਕੀਤਾ ਜੋ ਅਸੀਂ ਠੀਕ ਵੇਲੇ ਸਿਰ ਆ ਪਹੁੰਚੇ ਅਰ ਬਹੁਤ ਥੋੜੀ ਜਿਹੀ ਲੜਾਈ ਵਿਚ ਹੀ ਕਜ਼ੀਆ ਪਾਰ ਹੋਇਆ, ਨਹੀਂ ਤਾਂ ਜੇ ਜੁੱਧ ਹੁੰਦਾ ਤਾਂ ਅਸੀਂ ਥੋੜੇ ਸਾਂ ਤੇ ਤੁਰਕਾਂ ਦੀ ਫੌਜ ਏਥੇ ਚੋਖੀ ਸੀ, ਫੇਰ ਜਿੱਤਣਾ ਔਖਾ ਹੋ ਜਾਂਦਾ। ਇਸ ਪ੍ਰਕਾਰ ਦੇ ਬਚਨ ਢੇਰ ਚਿਰ ਹੁੰਦੇ ਰਹੇ। ਹੁਣ ਪਿੰਡ ਵਲ ਜੋ ਸਿੱਖ ਦਾਣਾ ਖਾਣਾ ਲੈਣ ਗਏ ਸਨ ਮੁੜ ਆਏ ਕਿ ਹਿੰਦੂ ਇੱਥੇ ਘੱਟ ਹਨ, ਤੁਰਕਾਂ ਦਾ ਜ਼ੋਰ ਹੈ, ਕੋਈ ਭੀ ਰੋਟੀ ਪਾਣੀ ਨਹੀਂ ਦੇਂਦਾ, ਮੁੱਲ ਭੀ ਦੇ ਚੁਕੇ ਹਾਂ ਤਦ ਭੀ ਨਹੀਂ ਦੇਂਦੇ ਤੇ ਹਿੰਦੂ ਥੋੜੇ ਤੇ ਗ਼ਰੀਬ ਹੋਣ ਕਰਕੇ ਇਨ੍ਹਾਂ ਥੋਂ ਥਰ ਥਰ ਕੰਬਦੇ ਹਨ।

ਸ਼ਾਮ ਸਿੰਘ ਬੋਲਿਆ- ਪੈਂਚਾਂ ਨੂੰ ਫੜ ਲਿਆਓ। ਸਿੱਖਾਂ ਨੇ ਦੋ ਪੁਰਖ ਅੱਗੇ ਕੀਤੇ ਕਿ ਇਹ ਪੈਂਚ ਹਨ, ਜੋ ਫੜ ਆਂਦੇ ਹਨ।

ਸ਼ਾਮ ਸਿੰਘ- ਕਿਉਂ ਚੌਧਰੀਓ! ਖਾਣਾ ਕਿਉਂ ਨਹੀਂ ਦੇਂਦੇ?

ਪੈਂਚ- ਪਾਤਸ਼ਾਹ ਦਾ ਹੁਕਮ ਨਹੀਂ।

ਸ਼ਾਮ ਸਿੰਘ- ਐਸ ਵੇਲੇ ਪਾਤਸ਼ਾਹ ਖ਼ਾਲਸਾ ਹੈ।

ਪੈਂਚ- ਖ਼ਾਲਸੇ ਦਾ ਕੀ ਪਤਾ ਹੈ? ਬੱਦਲ ਛਾਇਆ ਵਾਂਗ ਹੁਣੇ ਹੈ ਤੇ ਹੁਣੇ ਗੁੰਮ। ਤੁਸੀਂ ਕੱਲ ਖ਼ਬਰੇ ਕਿਥੇ ਹੋਵੋਗੇ।

ਸ਼ਾਮ ਸਿੰਘ- ਦਸ ਵੀਹ ਜਣੇ ਜਾ ਕੇ ਪਿੰਡ ਵਿਚੋਂ ਖਾਣ ਪੀਣ ਨੂੰ ਲੈ ਆਓ, ਪਰ ਕਿਸੇ ਤੀਵੀਂ ਬਾਲ ਨੂੰ ਦੁਖ ਨਾ ਦੇਣਾ ਤੇ ਨਾ ਹੀ ਖਾਣ ਦੀਆਂ ਚੀਜ਼ਾਂ ਤੋਂ ਬਿਨਾਂ ਕਿਸੇ ਹੋਰ ਚੀਜ਼ ਨੂੰ ਛੇੜਨਾ।

ਸਰਦਾਰ ਇਹ ਹੁਕਮ ਦੇ ਰਿਹਾ ਸੀ ਕਿ ਤਿੰਨ ਚਾਰ ਮੁਸਲਮਾਨੀਆਂ ਬੁਰਕੇ ਪਹਿਨੀਂ ਹੌਲੀ ਹੌਲੀ ਰੋਂਦੀਆਂ ਆ ਖਲੋਤੀਆਂ ਅਰ ਨਾਲ ਇਕ ੧੪ ਵਰ੍ਹੇ ਦੇ ਬਾਲ ਨੂੰ ਲਿਆਈਆਂ, ਉਸ ਦੀ ਜ਼ੁਬਾਨੀ ਬੇਨਤੀਆਂ ਕਰਨ ਲੱਗੀਆਂ ਕਿ ਆਪ ਸਾਡੇ ਮਰਦਾਂ ਨੂੰ ਮਾਰੋ ਨਹੀਂ ਅਤੇ ਨਾ ਕੁਝ ਵਧੀਕੀ ਹੀ ਕਰੋ, ਜੋ ਕੁਝ ਮੰਗਦੇ ਹੋ ਅਸੀਂ ਦੇ ਦੇਂਦੀਆਂ ਹਾਂ।

Page 27

www.sikhbookclub.com