ਪੰਨਾ:ਸੁੰਦਰੀ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ
22 / ਸੁੰਦਰੀ

ਸਰਦਾਰ- ਬੱਸ ਰੋਟੀਆਂ ਚਾਹੀਏ।

ਤੀਵੀਆਂ- ਅਸੀਂ ਹੁਣੇ ਹਿੰਦਵਾਣੀਆਂ ਥੋਂ ਪੂਰਾਂ ਦੇ ਪੂਰ ਰੋਟੀਆਂ ਦੇ ਪਕਵਾ ਕੇ ਘੱਲ ਦੇਂਦੀਆਂ ਹਾਂ, ਪਰ ਤੁਸੀਂ ਸਾਡੇ ਮਰਦਾਂ ਨੂੰ ਤਾਂ ਕੁਛ ਨਾ ਕਹੋਗੇ?

ਸ਼ਾਮ ਸਿੰਘ- ਨਹੀਂ, ਅਸੀਂ ਅੰਨ ਦਾ ਮੁੱਲ ਦੇਂਦੇ ਹਾਂ। ਪਰਜਾ ਨੂੰ ਲੁੱਟਣਾ ਯਾ ਮਾਰਨਾ ਖਾਲਸੇ ਦਾ ਕੰਮ ਨਹੀਂ। ਪਾਤਸ਼ਾਹ ਸੈਨਾ ਦੀ ਅੱਖੀਂ ਘੱਟਾ ਪਾਉਣਾ ਫੌਜਾਂ ਨੂੰ ਹਰਾ ਕੇ ਖ਼ਜ਼ਾਨੇ ਲੁੱਟ ਲੈ ਜਾਣੇ ਸਾਡਾ ਕੰਮ ਹੈ। ਅਸੀਂ ਜ਼ੁਲਮ ਦੇ ਵੈਰੀ ਹਾਂ ਪਰਜਾ ਦੇ ਦੁਸ਼ਮਨ ਨਹੀਂ ਹਾਂ। ਜਾਓ ਛੇਤੀ ਕਰੋ, ਖ਼ਾਲਸਾ ਕਾਜੇ ਹੈ। ਮੁੱਲ ਲਓ, ਅੰਨ ਦਿਓ। ਮਰਦ ਤੁਹਾਡੇ ਸੁਖੀ ਵੱਸਣ।

ਤੀਵੀਆਂ ਤੁਰਤ ਪਿੰਡ ਗਈਆਂ ਅਰ ਸਾਰੀਆਂ ਹਿੰਦਵਾਣੀਆਂ ਨੂੰ ਘਰਾਂ ਥੀ ਕੱਢ, ਆਟਾ ਦਾਲ ਕੋਲੋਂ ਦੇ ਕੇ ਪਕਾਉਣ ਡਾਹ ਦਿੱਤਾ। ਕਈ ਤੰਦੂਰ ਤਪ ਗਏ, ਕਈ ਲੋਹਾਂ ਧਰੀਆਂ ਗਈਆਂ, ਕਈ ਦੇਗਚੇ ਦਾਲਾਂ ਦੇ ਚੜ੍ਹ ਗਏ। ਰੋਟੀਆਂ ਪੱਕਦੀਆਂ ਤੱਕ ਖਾਲਸੇ ਨੇ ਇਕ ਦੋ ਖੇਤ ਗਾਜਰਾਂ ਦੇ ਮੁਕਾਏ। ਜਦ ਦਾਲਾਂ ਤੇ ਰੋਟੀਆਂ ਆਈਆਂ, ਤਾਂ ਰੱਜ ਕੇ ਛਕੀਆਂ। ਤ੍ਰਿਪਤ ਹੋ ਕੇ ਪੈਂਚਾਂ ਨੂੰ ਛੱਡ ਦਿੱਤਾ, ਆਟੇ ਦੇ ਮੁੱਲ ਵਜੋਂ ਤੇ ਗਾਜਰਾਂ ਦਾ ਮੁੱਲ ਕਰਕੇ ਕੁਝ ਮੋਹਰਾਂ ਦੇ ਕੇ ਕੂਚ ਦਾ ਹੁਕਮ ਦੇ ਦਿੱਤਾ। ਇਸ ਹੁਕਮ ਦੇ ਹੁੰਦਿਆਂ ਸਿੱਖਾਂ ਦੀ ਫੁਰਤੀ ਦੇਖਣ ਯੋਗ ਸੀ। ਦੇਖਦੇ ਦੇਖਦੇ ਹੀ ਸਾਰੇ ਸਵਾਰ ਹੋ ਪਏ ਅਰ ‘ਚੜਾਈਂ’ ਦਾ ਸ਼ਬਦ ਸੁਣ ਕੇ ਖ਼ਾਲਸੇ ਦੀ ਫ਼ੌਜ ਬਸੰਤ ਰੁੱਤ ਦੀ ਪੌਣ ਵਾਂਗ ਸਹਿਜੇ ਸਹਿਜੇ ਤੁਰ ਪਈ ਅਰ ਕੁਝ ਚਿਰ ਮਗਰੋਂ ਨਜ਼ਰਾਂ ਥੀਂ ਉਹਲੇ ਹੋ ਗਈ।

ਜਾਂ ਪਰਛਾਵੇਂ ਢਲਣ ਦਾ ਵੇਲਾ ਹੋਇਆ ਤਦ ਤੁਰਕਾਂ ਦੀ ਫ਼ੌਜ ਦਾ ਇਕ ਦਸਤਾ ਇਸੇ ਪਿੰਡ ਆ ਪਹੁੰਚਾ ਅਰ ਪੈਂਚਾਂ ਨੂੰ ਸਦਵਾ ਕੇ ਫ਼ੌਜ ਦੇ ਸਰਦਾਰ ਨੇ ਪੁੱਛਿਆ ਕਿ ਇਸ ਪਾਸਿਉਂ ਕੋਈ ਸਿੱਖਾਂ ਦੀ ਫ਼ੌਜ ਲੰਘੀ ਹੈ?

ਪੈਂਚ- ਹਾਂ ਹਜ਼ੂਰ! ਇੱਥੇ ਉਤਰੀ ਸੀ ਅਤੇ ਰੋਟੀ ਪਾਣੀ ਖਾ ਕੇ ਥੋੜਾ ਚਿਰ ਹੋਇਆ, ਗਈ ਹੈ।

ਸਰਦਾਰ- ਰੋਟੀ ਕਿਸ ਨੇ ਦਿੱਤੀ?

ਪੈਂਚ- ਪਿੰਡ ਦੇ ਹਿੰਦੂਆਂ ਨੇ।

Page 28

www.sikhbookclub.com