ਪੰਨਾ:ਸੁੰਦਰੀ.pdf/31

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /25

ਸਿੰਘ ਸਾਡਾ ਭਰਾ ਹੈ ਸਾਰੇ ਸਿੰਘ ਇਸ ਨੂੰ ਪਿਆਰ ਕਰਦੇ ਹਨ, ਇਹ ਪੂਰਾ ਸਿੰਘ ਹੈ ਤੇ ਵੱਡਾ ਜੋਧਾ ਹੈ, ਤੁਸੀਂ ਇਸ ਦੀ ਭੈਣ ਹੋ, ਸਭ ਖਾਲਸਾ ਆਪ ਨੂੰ ਭੈਣ ਵਤ ਸਮਝਦਾ ਹੈ।

ਸੁਰੱਸਤੀ- ਮਹਾਰਾਜ, ਭ੍ਰਾਤਾ ਜੀ! ਗ੍ਰਿਹਸਤ ਮਾਰਗ ਤੋਂ ਮੇਰਾ ਚਿੱਤ ਉਪਰਾਮ ਹੈ, ਅਰ ਭਰਤਾ ਜੀ ਮੈਨੂੰ ਆਪ ਤਿਆਗ ਗਏ ਹਨ। ਮੇਰੀ ਰੱਖਿਆ ਕਰਨੀ ਉਨ੍ਹਾਂ ਦਾ ਧਰਮ ਸੀ, ਜਿਸ ਵਲੋਂ ਉਹ ਕੰਨੀ ਕਤਰਾ ਗਏ ਹਨ। ਮੈਂ ਹੁਣ ਮੁੜ ਓਸ ਧੰਦੇ ਵਿਚ ਪੈਣਾ ਨਹੀਂ ਚਾਹੁੰਦੀ, ਜਿਸਤੋਂ ਮੈਨੂੰ ਗੁਰੂ ਜੀ ਨੇ ਰੱਖ ਲਿਆ ਹੈ। ਮੇਰੀ ਵਾਸ਼ਨਾ ਇਹ ਹੈ ਕਿ ਮੇਰੀ ਉਮਰਾ ਖਾਲਸੇ ਜੀ ਦੀ ਸੇਵਾ ਵਿਚ ਸਫਲੀ ਹੋਵੇ। ਜੇਕਰ ਆਪ ਆਗਯਾ ਬਖਸ਼ੋ ਤਾਂ ਮੈਂ ਆਪਣੇ ਭਰਾਵਾਂ ਵਿਚ ਰਹਾਂ। ਜਦ ਸੁਖ ਦੇ ਦਿਨ ਹੋਣ ਤਾਂ ਲੰਗਰ ਆਦਿਕ ਦੀ ਸੇਵਾ ਕਰਾਂ, ਜਦ ਜੱਧ ਚੜ੍ਹੋ ਤਦ ਵੀ ਮੈਂ ਨਾਲ ਰਹਾਂ ਅਰ ਘਾਇਲ ਭਰਾਵਾਂ ਦੀ ਮਲ੍ਹਮ ਪੱਟੀ ਕੀਤਾ ਕਰਾਂ। ਮੈਥੋਂ ਇਹ ਨਹੀਂ ਡਿੱਠਾ ਜਾਂਦਾ ਕਿ ਮੇਰਾ ਵੀਰ ਧਰਮ ਪਿਛੇ ਜਾਨ ਤਲੀ ਪਰ ਧਰੀ ਫਿਰੇ ਤੇ ਮੈਂ ਆਪਣਾ ਜੀਵਨ ਧਰਮ ਅਰਪਨ ਨਾ ਕਰਾਂ। ਇਹ ਦਾਨ ਕਰੋ ਕਿ ਤੁਸਾਂ ਜੀ ਦੀ ਕ੍ਰਿਪਾ ਨਾਲ ਬਾਣੀ ਪੜ੍ਹਾਂ, ਨਾਮ ਜਪਾਂ ਤੇ ਸੇਵਾ ਕਰਾਂ। ਜੇ ਮੇਰਾ ਜੀਵਨ ਧਰਮ ਦੇ ਅਰਪਨ ਹੋਵੇ, ਤਦ ਮੇਰੇ ਵਰਗੀ ਭਾਗਾਂ ਵਾਲੀ ਕੌਣ ਹੈ?

ਸ਼ਾਮ ਸਿੰਘ ਵਰਗੇ ਸ਼ੇਰ ਦੀਆਂ ਅੱਖਾਂ ਵਿਚ ਜਲ ਭਰ ਆਇਆ ਅਰ ਸਿਰ ਤੋਂ ਪੈਰਾਂ ਤੀਕ ਥੱਰਰਾ ਗਿਆ, ਪਰ ਫੇਰ ਸੋਚ ਕੇ ਬੋਲਿਆ, ਸਾਡਾ ਜੀਵਨ ਬੜਾ ਖੁਰਦਰਾ ਹੈ, ਮੁਸੀਬਤਾਂ ਦਾ ਸਾਹਮਣਾ ਰਹਿੰਦਾ ਹੈ, ਖ਼ਾਸ ਕਰ ਅੱਜ ਕੱਲ ਤਾਂ ਤੁਸੀਂ ਆਪਣੇ ਇਲਾਕੇ ਭੀ ਨਹੀਂ ਜਾ ਸਕਦੇ। ਤੁਸੀਂ ਦਲਾਂ ਦੇ ਦੁੱਖਾਂ ਵਿਚ ਕੀਕੂੰ ਨਿਭਸੋ?

ਸੁਰੱਸਤੀ- ਨਿਭਾਉਣ ਵਾਲਾ ਸਤਿਗੁਰੂ ਹੈ, ਮੈਂ ਸਾਰੇ ਦੁੱਖ ਝਲਾਂਗੀ ਅਰ ਜਨਮ ਸੇਵਾ ਵਿਚ ਸਫ਼ਲ ਕਰਾਂਗੀ।

ਸਰਦਾਰ ਫੇਰ ਕੁਝ ਸੋਚ ਕੇ ਬੋਲਿਆ- ਤੂੰ ਇਸਤ੍ਰੀ ਨਹੀਂ ਦੇਵੀ* ਹੈਂ,

————

  • ਪਰਉਪਕਾਰ, ਜਤ, ਸਤ, ਦਇਆ, ਕੋਮਲਤਾ, ਆਗਿਆ ਪਾਲਣ, ਆਪਣੇ ਸੁਖਾਂ ਦਾ ਤਿਆਗ, ਪਰਾਏ ਭਲੇ ਦੀ ਖ਼ਾਤਰ ਜੋ ਇਸਤਰੀ ਕੰਮ ਕਰੇ ਸੋ ਦੇਵੀ ਹੈ।

Page 31

www.sikhbookclub.com