ਪੰਨਾ:ਸੁੰਦਰੀ.pdf/41

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸੁੰਦਰੀ /35

ਲੰਗਰ ਵਿਚ ਲਿਜਾ ਕੇ ਪੱਟੀ ਖੋਲ੍ਹੋ ਤੇ ਕੁਛ ਛਕਾਓ। ਇਧਰ ਬਲਵੰਤ ਸਿੰਘ ਨਾਲ ਗੱਲ ਵਰਤੀ ਕਿ ਮਤਾਂ ਇਹ ਕੋਈ ਵੈਰੀਆਂ ਵਿਚੋਂ ਭੇਤ ਲੈਣ ਨਾ ਆਇਆ ਹੋਵੇ ਇਸਦਾ ਵਿਸਾਹ ਕਰਨਾ ਠੀਕ ਨਹੀਂ ਅਰ ਇਕ ਸਿੱਖ ਨੂੰ ਇਹ ਆਗਿਆ ਦਿਤੀ ਕਿ ਹਰ ਵੇਲੇ ਉਸਦੇ ਨਾਲ ਰਹੇ ਤੇ ਖ਼ਿਆਲ ਰੱਖੇ ਕਿ ਉਹ ਕੀ ਕੁਝ ਕਰਦਾ ਹੈ ਤੇ ਕਿੱਧਰ ਆਉਂਦਾ ਜਾਂਦਾ ਹੈ। ਇਕ ਹੋਰ ਸਿੱਖ, ਜਿਸਨੂੰ ਅੱਗੇ ਸੂਹ ਲੈਣ ਘੱਲਿਆ ਸੀ, ਉਸ ਪਿੰਡ ਤੋਰ ਦਿੱਤਾ ਕਿ ਖ਼ਬਰ ਲਿਆਵੇ ਕਿ ਜੋ ਕੁਛ ਖੱਤ੍ਰੀ ਨੇ ਕਿਹਾ ਹੈ ਠੀਕ ਹੈ ਕਿ ਨਹੀਂ? ਸੁੰਦਰੀ ਨੂੰ ਆਪਣੀ ਕੈਦ ਭੁੱਲੀ ਨਹੀਂ ਸੀ ਅਰ ਉਹ ਜਾਣਦੀ ਸੀ ਕਿ ਖੱਤ੍ਰੀ ਦੀ ਵਹੁਟੀ ਕਿਸ ਔਖ ਵਿਚ ਹੋਵੇਗੀ ਅਰ ਕਿੱਕੁਰ ਇਕ ਇਕ ਘੜੀ ਉਸਦੇ ਛੁਟਕਾਰੇ ਵਾਸਤੇ ਅਮੋਲਕ ਹੈ। ਉਹ ਚਾਹੁੰਦੀ ਸੀ ਕਿ ਉਸ ਇਸਤ੍ਰੀ ਦੇ ਧਰਮ ਨੂੰ ਬਚਾਉਣ ਲਈ ਜਿੰਨੀ ਛੇਤੀ ਕੀਤੀ ਜਾਵੇ ਚੰਗੀ ਹੈ, ਪਰ ਸਰਦਾਰ ਦੀ ਅਕਲ ਤੇ ਦੂਰ ਦੀ ਸੋਚ ਵੀ ਉਲੰਘ ਨਹੀਂ ਸਕਦੀ ਸੀ, ਕਿਉਂਕਿ ਪੱਕ ਜਾਣਦੀ ਸੀ ਕਿ ਉਹਨਾਂ ਦੀ ਬੁੱਧਿ ਸਾਰੇ ਜਥੇ ਵਿਚੋਂ ਚੰਗੀ ਹੈ, ਅਰ ਨਾ ਨਿਰੇ ਜਥੇ ਵਿਚੋਂ ਸਗੋਂ ਸਾਰਾ ਪੰਥ ਉਨ੍ਹਾਂ ਦੀ ਅਕਲ ਨੂੰ ਮੰਨਦਾ ਹੈ।

Page 41

www.sikhbookclub.com