ਪੰਨਾ:ਸੁੰਦਰੀ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
36/ ਸੁੰਦਰੀ

੭. ਕਾਂਡ

ਉਪਰ ਲਿਖੇ ਸਮਾਚਾਰ ਨੂੰ ਤਿੰਨ ਦਿਨ ਬੀਤ ਗਏ, ਸਵੇਰ ਹੋ ਚੁਕੀ, ਦਸ ਬਾਰਾਂ ਵਜੇ ਦਾ ਵੇਲਾ ਹੈ। ਉਸ ਨਗਰ ਵਿਚ ਜਿੱਥੇ ਉਸ ਖੱਤ੍ਰੀ ਦੀ ਵਹੁਟੀ ਕੈਦ ਸੀ, ਸਭ ਲੋਕੀਂ ਆਪੋ ਆਪਣੇ ਕੰਮਾਂ ਵਿਚ ਰੁੱਝੇ ਹੋਏ ਹਨ। ਨਿਕੜੇ ਜਿਹੇ ਨਗਰ ਵਿਚ ਹੱਟਾਂ ਪੁਰ ਲੈਣ ਦੇਣ ਹੋ ਰਿਹਾ ਹੈ। ਘਰਾਂ ਵਿਚ ਰੋਟੀਆਂ ਤਿਆਰ ਪਈਆਂ ਹੁੰਦੀਆਂ ਹਨ। ਹਾਕਮ ਦੇ ਮਹਿਲਾਂ ਵਿਚ ਅਚਰਜ ਰੰਗ ਹੈ, ਦੀਵਾਨਖ਼ਾਨੇ ਵਿਚ ਹਾਕਮ ਬੈਠੇ ਹਨ, ਪਾਸ ਕੁਛ ਮੁਸਾਹਿਬ ਕੱਚੇ ਕੁਜ਼ਾਮਤੀ ਬੈਠੇ ਗੱਪਾਂ ਲਾ ਰਹੇ ਹਨ। ਸ਼ਰਾਬ ਦਾ ਦੌਰ ਜਾਰੀ ਹੈ, ਰੰਗ ਰੰਗ ਦੇ ਖਾਣੇ ਪਏ ਹਨ, ਕੋਈ ਪਿਆਲਾ ਮੂੰਹ ਨਾਲ ਲਾਈ ਬੈਠਾ ਹੈ, ਕੋਈ ਨਕਲ ਉਡਾ ਰਿਹਾ ਹੈ।

ਜ਼ਨਾਨਖ਼ਾਨੇ ਵਿਚ ਭੀ ਗਹਿਮਾ-ਗਹਿਮ ਹੈ। ਇਕ ਗਲੀਚੇ ਪੁਰ ਪੰਜ ਛੇ ਬੇਗ਼ਮਾਂ ਬੈਠੀਆਂ ਹਨ, ਉਧਰ ਗੋਲੀਆਂ ਬਾਂਦੀਆਂ ਫਿਰ ਰਹੀਆਂ ਹਨ। ਇਨ੍ਹਾਂ ਬੇਗ਼ਮਾਂ ਦੀ ਸੁੰਦਰਤਾ ਇਕ ਤੋਂ ਇਕ ਚੜ੍ਹਦੀ ਹੈ, ਰੇਸ਼ਮੀ ਕਪੜਿਆਂ ਤੇ ਗਹਿਣਿਆਂ ਦੀ ਸੱਜਧਜ ਬਹੁਤ ਵਧਕੇ ਹੈ। ਇਨ੍ਹਾਂ ਵਿਚੋਂ ਇਕ ਤੀਵੀਂ ਡਾਢੀ ਉਦਾਸ ਬੈਠੀ ਹੈ। ਉਸ ਕਮਰੇ ਦੀ ਅਮੀਰੀ ਸਜਾਵਟ, ਉਸਦੇ ਗਲ ਦੇ ਕਪੜੇ ਤੇ ਅਮੋਲਕ ਗਹਿਣੇ ਇਉਂ ਜਾਪਦੇ ਹਨ, ਜਿੱਕੁਰ ਇਕ ਨਵੀਂ ਫੜੀ ਮੈਨਾ ਨੂੰ ਸੋਨੇ ਦੇ ਪਿੰਜਰੇ ਵਿਚ ਪਾਇਆ ਹੈ। ਹੋਰ ਸਭ ਗੱਲਾਂ ਕਰਦੀਆਂ ਹਨ, ਹੱਸਦੀਆਂ ਹਨ, ਕੁਝ ਜੁਗਤ ਮਖ਼ੌਲ ਵੀ ਕਰਦੀਆਂ ਹਨ, ਪਰ ਇਹ ਚੁੱਪ ਬੈਠੀ ਹੈ। ਕਿਸੇ ਕਿਸੇ ਵੇਲੇ ਠੰਢਾ ਸਾਹ ਭਰਦੀ ਹੈ ਕਦੀ ਅੱਖਾਂ ਵਿਚੋਂ ਹੰਝੂ ਕਿਰ ਪੈਂਦੇ ਹਨ। ਨਾਲ ਦੀਆਂ ਬੁਲਾਉਂਦੀਆਂ ਹਨ, ਪਰ ਇਹ ਸਿਰ ਹੀ ਨਹੀਂ ਚੁਕਦੀ, ਇਕ ਜਣੀ ਨੇ ਫ਼ਾਰਸੀ ਵਿਚ ਕਿਹਾ: ‘ਇਹ ਨਵੀਂ ਚਿੜੀ ਹੈ, ਆਪੇ ਗਿੱਝ ਜਾਏਗੀ’।

Page 42

www.sikhbookclub.com