ਪੰਨਾ:ਸੁੰਦਰੀ.pdf/44

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
38/ ਸੁੰਦਰੀ

ਹੈਂ! ਇਹ ਕੀ ਹੋ ਗਿਆ? ਨਵਾਬ ਜੀ ਕੀ ਆਖਣ ਲੱਗੇ ਸਨ? ਸੰਘ ਨੂੰ ਕੀ ਹੋ ਗਿਆ? ਹਾਂ, ਨਵਾਬ ਸਾਹਿਬ ਨੂੰ ਕਿਸੇ ਤਕੜੇ ਹੱਥ ਨੇ ਗਿੱਚੀਉਂ ਫੜ ਲਿਆ ਹੈ ਅਰ ਜੋ ਕਹਿਣ ਲੱਗੇ ਸਨ, ਸੰਘ ਵਿਚ ਹੀ ਰਹਿ ਗਿਆ। ਹੁਣ ਇਸ ਵੇਲੇ ਨਗਰ ਵਿਚੋਂ ਇਕ ਡਾਢੀ ‘ਘਨਾਉ’ ਕਰਦੀ ਅਵਾਜ਼, ਜਿੰਕੁਰ ਘਮਸਾਨ ਦੀ ਹੁੰਦੀ ਹੈ, ਆ ਰਹੀ ਸੀ। ਪਲੋ ਪਲੀ ਵਿਚ ਪੰਜ ਸੱਤ ਹੋਰ ਆਦਮੀ ਉਤੇ ਆ ਚੜ੍ਹੇ। ਨਵਾਬ ਸਾਹਿਬ ਫੜੇ ਗਏ ਬੇਗ਼ਮਾਂ ਪੱਥਰਾਂ ਦੀਆਂ ਮੂਰਤਾਂ ਹੋ ਗਈਆਂ, ਗੋਲੀਆਂ ਇਕ ਪੈਰ ਦੌੜ ਕੇ ਦੂਜੇ ਰਸਤਿਉਂ ਬਾਹਰ ਹੋਈਆਂ। ਉਹ ਦੁਖੀ ਇਸਤ੍ਰੀ ਬੇਬਸ ਹੋ ਇਹੋ ਕਹੀ ਜਾਂਦੀ, "ਜੈਸੀ ਰਾਖੀ ਦ੍ਰੋਪਤੀ ਦੀ ਲਾਜ।" ਪਲ ਵਿਚ ਹੀ ਇਕ ਤੀਵੀਂ ਤੇ ਇਕ ਹਿੰਦੂ ਹੋਰ ਹੇਠੋਂ ਉਤੇ ਆਏ। ਹਿੰਦੂ ਨੂੰ ਦੇਖਦੇ ਹੀ ਉਹ ਇਸਤ੍ਰੀ ਖਿੜ ਗਈ, ਉਹ ਵੀ ਅੱਗੇ ਵਧਿਆ, ਪਰ ਇਸਤ੍ਰੀ ਨੇ ਝੱਟ ਕਿਹਾ- "ਮਹਾਰਾਜ! ਮੈਥੋਂ ਰਤਾ ਪਰੇ ਰਹੋ, ਮੈਂ ਹਿੰਦੂ ਧਰਮ ਗੁਆ ਬੈਠੀ ਹਾਂ।” ਇਹ ਗੱਲ ਸੁਣ ਕੇ ਤੀਵੀਂ, ਜੋ ਹਿੰਦੂ ਦੇ ਨਾਲ ਸੀ ਵਧ ਕੇ ਬੋਲੀ- “ਕੀ ਪਤੀਬ੍ਰਤਾ ਧਰਮ ਹਾਰ ਬੈਠੀ ਹੈਂ?” ਉਸਨੇ ਉਤਰ ਦਿੱਤਾ, ‘ਨਹੀਂ ਜੀ, ਮੈਂ ਸ਼ੀਲ ਧਰਮ ਵਿਚ ਦ੍ਰਿੜ੍ਹ ਹਾਂ, ਪਰ ਮੈਨੂੰ ਧੱਕੋ ਧੱਕੀ ਤੁਰਕ ਖਾਣਾ ਖੁਆ ਦਿਤਾ ਗਿਆ ਹੈ।’ ਇਹ ਸੁਣਕੇ ਉਂਹ ਤੀਵੀਂ, ਜੋ ਸਾਡੀ ਬਹਾਦਰ ਭੈਣ ‘ਸੁੰਦਰੀ’ ਸੀ, ਬੋਲੀ, ‘ਪਯਾਰੀ ਭੈਣ! ਧੰਨ ਹੈਂ ਤੂੰ ਜਿਸਨੇ ਇੱਡੇ ਕਸ਼ਟ ਵਿਚ ਆਪਣਾ ਜਤ ਸਤ ਪੱਕਾ ਰਖਿਆ।’

ਇਕ ਅੱਧੇ ਸਿੱਖ ਨੇ ਬੇਗ਼ਮਾਂ ਤੋਂ ਗਹਿਣੇ ਲੈਣ ਦੀ ਸਲਾਹ ਕੀਤੀ, ਪਰ ਬਲਵੰਤ ਸਿੰਘ ਨੇ ਝਟ ਰੋਕ ਦਿਤਾ ਕਿ ਇਸਤ੍ਰੀ ਪਰ ਧੱਕਾ ਕਰਨਾ ਖਾਲਸੇ ਦਾ ਧਰਮ ਨਹੀਂ*। ਭਰਾ ਦੀ ਇਹ ਗੰਭੀਰਤਾ ਵੇਖ ਕੇ ਸੁੰਦਰੀ ਬਾਗ਼ ਬਾਗ਼ ਹੋ ਗਈ।

ਪਲੋ ਪਲੀ ਵਿਚ ਨਵਾਬ ਦੀਆਂ ਮੁਸ਼ਕਾਂ ਕੱਸਕੇ ਸਾਰੇ ਜਣੇ ਉਤਰੇ। ਅਗੇ ਸਰਦਾਰ ਸ਼ਾਮ ਸਿੰਘ ਨੇ ਸਾਰਾ ਖਜਾਨਾ ਘੋਡਿਆਂ ਪੁਰ ਲਦਵਾ

—————

  • ਆਪਣੇ ਜੰਗਨਾਮੇ ਵਿਚ ਬਲੌਚ ਕਾਜ਼ੀ ਨੂਰ ਮੁਹੰਮਦ ਇਸ ਸਮੇਂ ਦੇ ਸਿੱਖਾਂ ਬਾਬਤ ਲਿਖਦਾ ਹੈ:- ਜ਼ਰੋ ਜ਼ੇਰਵੇ ਨ ਬ-ਤਾਰਾਜ ਨੀਜ। ਨਗੀਰੰਦ ਗੁਰ ਮਿਹਰਾ ਹਸਤ ਵਰ ਕਨੀਜ। ਅਰਥਾਤ-ਭਾਵੇਂ ਇਸਤ੍ਰੀ ਲੌਡੀ ਹੋਵੇ ਤੇ ਭਾਵੇਂ ਸੁਆਣੀ, ਉਸ ਦੇ ਧਨ ਤੇ ਗਹਿਣੇ ਨੂੰ ਸਿੱਖ ਨਹੀਂ ਲੁਟਦੇ।

Page 44

www.sikhbookclub.com