ਪੰਨਾ:ਸੁੰਦਰੀ.pdf/46

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ
40/ ਸੁੰਦਰੀ

ਬੁਲਾਓ। ਦੋ ਸਿੰਘ ਇਹ ਕੰਮ ਕਰਨ ਚਲੇ ਗਏ। ਖੱਤ੍ਰੀ ਆਪਣੇ ਘਰ ਅੰਦਰ ਜਾਕੇ ਦੇਖ ਰਿਹਾ ਸੀ ਕਿ ਮਾਲ ਮਤਾ ਲੁਟਿਆ ਗਿਆ ਹੈ ਕਿ ਨਹੀਂ, ਪਰ ਉਸਦੇ ਭਾਗਾਂ ਨੂੰ ਇਕ ਕੌਡੀ ਦਾ ਬੀ ਨੁਕਸਾਨ ਨਹੀਂ ਹੋਇਆ ਸੀ।

ਇੰਨੇ ਚਿਰ ਨੂੰ ਇਕ ਬੁਢੀ ਤੀਵੀਂ ਡੰਗੋਰੀ ਟੇਕਦੀ ਤੇ ਅਖਾਂ ਤੋਂ ਹੰਝੂ ਕੇਰਦੀ ਆਈ ਅਰ ਬੁਢਾਪੇ ਦੀ ਢਿੱਲੀ ਪਈ ਹੋਈ ਆਵਾਜ਼ ਵਿਚ ਬੋਲੀ: ਹੇ ਸਿੰਘ ਸੂਰਮੇ। ਤੇਰਾ ਜੁਗ ਜੁਗ ਰਾਜ, ਤੂੰ ਤਾਂ ਕੋਈ ਰੱਬ ਨੇ ਅਉਤਾਰ ਘੱਲਿਆ ਹੈਂ ਮੇਰੀ ਛਾਤੀ ਠੰਡੀ ਪਾ, ਰੱਬ ਤੈਨੂੰ ਇਸ ਤੋਂ ਚੌਗੁਣਾ ਕਰੇ।

ਸੁੰਦਰੀ ਦਾ ਮਨ ਇਹ ਦੁਹਾਹੀ ਸੁਣ ਕੇ ਦ੍ਰਵ ਗਿਆ, ਬੋਲੀ- ਮਾਈ ਕੀਹ ਗੱਲ ਹੈ?

ਮਾਈ- ਬੱਚੀ, ਕੀਹ ਦੱਸਾਂ? ਆਹ ਜੋ ਹਾਕਮ ਬੈਠਾ ਹੈ, ਐਸ ਵੇਲੇ ਚੋਰ ਵਾਂਗੂ ਬੱਧਾ ਹੋਇਆ, ਇਸਨੇ ਮੇਰੇ ਨਾਲ ਵੱਡਾ ਅਨਰਥ ਕੀਤਾ ਹੈ। ਮੇਰਾ ਇਕੋ ਇਕ ਪੁਤ੍ਰ ਸੀ ਤੇ ਪੁਹਰਿਆ ਕਰ ਕਰ ਮੈਂ ਉਸਨੂੰ ਪਾਲਿਆ ਸੀ। ਇਕ ਦਿਨ ਕਰਮਾਂ ਦੀ ਮਾਰ ਇਹਦੇ ਮਹਿਲਾਂ ਹੇਠੋਂ ਲੰਘਦਾ ਹੋਇਆ ਗਿੱਚੀ ਉੱਚੀ ਕਰਕੇ ਬਾਰੀ ਵਲ ਤਕ ਬੈਠਾ, ਭਾਵੇਂ ਬਾਰੀ ਵਿਚ ਸੁਆਹ ਭੀ ਨਹੀਂ ਸੀ, ਪਰ ਇਸ ਨਵਾਬ ਨੂੰ ਗੁੱਸਾ ਆ ਗਿਆ, ਲੋਂਹਦੀ ਦੇ ਪੁਤ੍ਰ ਨੂੰ ਇੰਨਾ ਮਰਵਾਇਓਸੁ ਕਿ ਉਹ ਮਰ ਹੀ ਗਿਆ। ਮੈਂ ਬਥੇਰੇ ਤਰਲੇ ਕੀਤੇ ਪਰ ਇਸ ਪੱਥਰ ਚਿੱਤ ਨੇ ਇਕ ਨਾ ਸੁਣੀ। ਹੇ ਰੱਬ ਦੇ ਘੱਲੇ ਹੋਏ ਪਾਤਸ਼ਾਹ। ਮੇਰਾ ਨਿਆਂ ਕਰ।

ਇਹ ਗੱਲ ਸੁਣ ਹਾਕਮ ਦੇ ਚਿਹਰੇ ਪਰ ਫਿਟਕਾਰ ਦਾ ਰੰਗ ਫਿਰ ਗਿਆ, ਸਿੰਘਾਂ ਸਭਨਾਂ ਦੇ ਹਿਰਦੇ ਦ੍ਰਵ ਗਏ। ਸ਼ਾਮ ਸਿੰਘ ਨੇ ਕੁਝ ਚਿਰ ਸੋਚ ਕੇ ਪੰਜ ਸੱਤ ਮੁਹੱਲੇਦਾਰਾਂ ਤੋਂ ਪੁਛਿਆ ਕਿ ਕੀ ਇਹ ਬੁਢੀ ਸੱਚ ਆਖਦੀ ਹੈ? ਤਾਂ ਠੀਕ ਨਿਕਲਿਆ?

ਪਲ ਮਗਰੋਂ ਇਕ ਜੁਆਨ ਮੁਸਲਮਾਨ ਤੀਵੀਂ ਇਕ ਬਾਲ ਕੁੱਛੜ ਤੇ ਦੋ ਉਂਗਲਾਂ ਨਾਲ ਲਾਈ ਲੀਰਾਂ ਵਗਦੀਆਂ ਤੇ ਭੁਖ ਨਾਲ ਵਿਲੂੰ ਵਿਲੂੰ ਕਰਦਿਆਂ ਨੂੰ ਲਿਆਈ। ਇਸ ਨੂੰ ਵੇਖ ਸ਼ਾਮ ਸਿੰਘ ਨੇ ਪੁਛਿਆ ਤੂੰ ਬੀਬੀ ਕੀਕੂੰ ਆਈ ਹੈਂ? ਉਸਨੇ ਉੱਤਰ ਦਿਤਾ ਕਿ ਤੈਨੂੰ ਸਾਈਂ ਵਲੋਂ ਘੱਲਿਆ ਸਮਝ ਕੇ ਨਿਆਂ ਕਰਵਾਣ ਆਈ ਹਾਂ। ਮੇਰਾ ਸਾਈਂ ਇਸ ਹਾਕਮ ਦਾ

Page 46

www.sikhbookclub.com